#AMERICA

ਅਮਰੀਕਾ ਵਿੱਚ ਕਮਰਸ਼ੀਅਲ ਟਰੱਕਿੰਗ ’ਤੇ ਸਖ਼ਤੀ, 28 ਹਜ਼ਾਰ ਤੋਂ ਵੱਧ ਪ੍ਰਵਾਸੀ ਡਰਾਈਵਰਾਂ ਦੇ ਲਾਇਸੈਂਸ ਰੱਦ

ਵਾਸ਼ਿੰਗਟਨ, ਡੀ.ਸੀ., 7 ਅਗਸਤ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਅਮਰੀਕਾ ਦੇ ਕਮਰਸ਼ੀਅਲ ਟਰੱਕਿੰਗ ਖੇਤਰ ਵਿੱਚ ਨਿਯਮਾਂ ਦੀ ਉਲੰਘਣਾ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 28 ਹਜ਼ਾਰ ਤੋਂ ਵੱਧ ਕਮਰਸ਼ੀਅਲ ਡਰਾਈਵਰ ਲਾਇਸੈਂਸ ਰੱਦ ਕਰ ਦਿੱਤੇ ਹਨ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਹ ਲਾਇਸੈਂਸ ਅਜਿਹੇ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਜਾਰੀ ਕੀਤੇ ਗਏ ਸਨ, ਜੋ ਕਾਨੂੰਨੀ ਤੌਰ ’ਤੇ ਕਮਰਸ਼ੀਅਲ ਵਾਹਨ ਚਲਾਉਣ ਦੇ ਯੋਗ ਨਹੀਂ ਸਨ। ਇਸ ਕਾਰਵਾਈ ਦੇ ਨਾਲ ਹੀ ਵਿਦੇਸ਼ੀ ਨਾਗਰਿਕਾਂ ਲਈ ਕਮਰਸ਼ੀਅਲ ਡਰਾਈਵਰ ਲਾਇਸੈਂਸ ਪ੍ਰਾਪਤ ਕਰਨ ਦੀਆਂ ਸ਼ਰਤਾਂ ਵੀ ਹੋਰ ਸਖ਼ਤ ਕੀਤੀਆਂ ਜਾ ਰਹੀਆਂ ਹਨ।

ਅਮਰੀਕੀ ਟਰਾਂਸਪੋਰਟੇਸ਼ਨ ਵਿਭਾਗ ਅਨੁਸਾਰ ਅੰਗਰੇਜ਼ੀ ਭਾਸ਼ਾ ਨੂੰ ਸਮਝਣ, ਬੋਲਣ ਅਤੇ ਸੜਕੀ ਚਿੰਨ੍ਹਾਂ ਨੂੰ ਪੜ੍ਹਨ ਦੀ ਯੋਗਤਾ ਨਾਲ ਸੰਬੰਧਿਤ ਮਿਆਰ ਪੂਰੇ ਨਾ ਕਰਨ ਕਾਰਨ ਲਗਭਗ 26 ਹਜ਼ਾਰ ਕਮਰਸ਼ੀਅਲ ਡਰਾਈਵਰਾਂ ਨੂੰ ਸੇਵਾ ਤੋਂ ਹਟਾਇਆ ਜਾ ਚੁੱਕਾ ਹੈ। ਇਹ ਮਿਆਰ ਪਿਛਲੀ ਗਰਮੀ ਤੋਂ ਹੋਰ ਸਖ਼ਤੀ ਨਾਲ ਲਾਗੂ ਕੀਤੇ ਜਾ ਰਹੇ ਹਨ। ਕਮਰਸ਼ੀਅਲ ਡਰਾਈਵਰਾਂ ਲਈ ਅੰਗਰੇਜ਼ੀ ਜਾਣਨੀ ਇਸ ਲਈ ਜ਼ਰੂਰੀ ਮੰਨੀ ਜਾਂਦੀ ਹੈ, ਤਾਂ ਜੋ ਉਹ ਸੜਕੀ ਸੰਕੇਤਾਂ, ਐਮਰਜੈਂਸੀ ਹੁਕਮਾਂ ਅਤੇ ਜਾਂਚ ਅਧਿਕਾਰੀਆਂ ਦੀਆਂ ਹਦਾਇਤਾਂ ਨੂੰ ਠੀਕ ਤਰ੍ਹਾਂ ਸਮਝ ਸਕਣ।

 ਸ਼ਾਨ ਡਫੀ ਨੇ ਕਿਹਾ ਕਿ ਪ੍ਰਸ਼ਾਸਨ ਹਰ ਰੋਜ਼ ਖ਼ਤਰਨਾਕ ਅਤੇ ਅਯੋਗ ਵਿਦੇਸ਼ੀ ਡਰਾਈਵਰਾਂ ਨੂੰ ਅਮਰੀਕੀ ਸੜਕਾਂ ਤੋਂ ਹਟਾ ਰਿਹਾ ਹੈ ਅਤੇ ਟਰੱਕਿੰਗ ਉਦਯੋਗ ਦੀ ਭਰੋਸੇਯੋਗਤਾ ਮੁੜ ਬਹਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਨੂੰ ਟਰੱਕਿੰਗ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਫੈਡਰੇਸ਼ਨ ਫਾਰ ਅਮਰੀਕਨ ਇਮੀਗ੍ਰੇਸ਼ਨ ਰਿਫਾਰਮ (ਫੇਅਰ) ਦੇ ਕਾਰਜਕਾਰੀ ਡਾਇਰੈਕਟਰ ਨੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਮਰਸ਼ੀਅਲ ਡਰਾਈਵਰ ਲਾਇਸੈਂਸ ਕਿਸੇ ਨੂੰ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾਉਣ ਦਾ ਅਧਿਕਾਰ ਦੇਣ ਲਈ ਨਹੀਂ ਬਣਾਇਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਪ੍ਰਤੀ ਨਰਮ ਨੀਤੀਆਂ ਅਪਣਾਉਣ ਵਾਲੇ ਕੁਝ ਰਾਜਾਂ ਨੇ ਸੰਘੀ ਅਤੇ ਰਾਜ ਸਰਕਾਰਾਂ ਵਿਚਕਾਰ ਉਸ ਸਮਝੌਤੇ ਦੀ ਉਲੰਘਣਾ ਕੀਤੀ ਹੈ, ਜਿਸ ਤਹਿਤ ਦੇਸ਼ ਭਰ ਵਿੱਚ ਘੱਟੋ-ਘੱਟ ਇਕਸਾਰ ਸੜਕ ਸੁਰੱਖਿਆ ਮਾਪਦੰਡ ਲਾਗੂ ਰਹਿਣੇ ਚਾਹੀਦੇ ਸਨ।

ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੈਲੀਫੋਰਨੀਆ ਵਿੱਚ ਇੱਕ ਲੱਖ 28 ਹਜ਼ਾਰ ਤੋਂ ਵੱਧ ਗੈਰ-ਨਿਵਾਸੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਾਰੀ ਕੀਤੇ ਗਏ ਹਨ। ਫੇਅਰ ਨੇ ਵਿਦੇਸ਼ੀ ਭਾਸ਼ਾਵਾਂ ਵਿੱਚ ਦਿੱਤੇ ਜਾਣ ਵਾਲੇ ਟੈਸਟਾਂ ਦੇ ਨਤੀਜਿਆਂ ਅਤੇ ਕਈ ਰਾਜਾਂ ਵੱਲੋਂ ਕਾਨੂੰਨੀ ਇਮੀਗ੍ਰੇਸ਼ਨ ਮਿਆਦ ਤੋਂ ਵੱਧ ਸਮੇਂ ਲਈ ਲਾਇਸੈਂਸ ਜਾਰੀ ਕਰਨ ਦੀ ਪ੍ਰਥਾ ’ਤੇ ਵੀ ਸਵਾਲ ਉਠਾਏ ਹਨ।

 

ਰਿਪੋਰਟ ਅਨੁਸਾਰ ਭਾਰਤੀਆਂ ਸਮੇਤ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਕਮਰਸ਼ੀਅਲ ਡਰਾਈਵਰ ਲਾਇਸੈਂਸ ਸਿਰਫ਼ ਉਸ ਸਥਿਤੀ ਵਿੱਚ ਮਿਲ ਸਕੇਗਾ, ਜੇਕਰ ਉਨ੍ਹਾਂ ਕੋਲ ਵੈਧ ਐੱਚ-2ਏ, ਐੱਚ-2ਬੀ ਜਾਂ ਈ-2 ਵੀਜ਼ਾ ਹੋਵੇ। ਇਸ ਤਬਦੀਲੀ ਨਾਲ ਹੋਰ ਵੀਜ਼ਾ ਸ਼੍ਰੇਣੀਆਂ ਜਾਂ ਅਸਥਾਈ ਇਮੀਗ੍ਰੇਸ਼ਨ ਦਰਜੇ ਵਾਲੇ ਵਿਦੇਸ਼ੀ ਡਰਾਈਵਰਾਂ ਲਈ ਟਰੱਕਿੰਗ ਖੇਤਰ ਵਿੱਚ ਕੰਮ ਕਰਨਾ ਮੁਸ਼ਕਲ ਹੋ ਸਕਦਾ ਹੈ। ਨਵੇਂ ਨਿਯਮਾਂ ਦਾ ਅਸਰ ਖ਼ਾਸ ਕਰਕੇ ਉਨ੍ਹਾਂ ਭਾਰਤੀ ਅਤੇ ਹੋਰ ਪ੍ਰਵਾਸੀ ਡਰਾਈਵਰਾਂ ’ਤੇ ਪੈ ਸਕਦਾ ਹੈ, ਜੋ ਲੰਮੇ ਸਮੇਂ ਤੋਂ ਅਮਰੀਕੀ ਟਰੱਕਿੰਗ ਉਦਯੋਗ ਨਾਲ ਜੁੜੇ ਹੋਏ ਹਨ।