ਵਾਸ਼ਿੰਗਟਨ, 15 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਵੀਜ਼ਾ ਵੇਵਰ ਪ੍ਰੋਗਰਾਮ (ਵੀ.ਡਬਲਯੂ.ਪੀ.) ਤਹਿਤ ਵੀਜ਼ਾ-ਮੁਕਤ ਯਾਤਰਾ ਲਈ ਯੋਗਤਾ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਇਸ ਕਾਰਨ ਕੁਝ ਅਜਿਹੇ ਯਾਤਰੀ, ਜੋ ਪਹਿਲਾਂ ਇਲੈਕਟ੍ਰਾਲਿਕ ਸਿਸਟਮ ਫਾਰ ਟਰੈਵਲ ਔਥਰਾਈਜ਼ੇਸ਼ਨ (ਈ.ਐੱਸ.ਟੀ.ਏ.) ਰਾਹੀਂ ਬਿਨਾਂ ਵੀਜ਼ੇ ਦੇ ਅਮਰੀਕਾ ਜਾ ਸਕਦੇ ਸਨ, ਹੁਣ ਉਨ੍ਹਾਂ ਨੂੰ ਰੈਗੂਲਰ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣੀ ਪਵੇਗੀ। ਇਹ ਪਾਬੰਦੀਆਂ ਪੂਰੇ ਦੇਸ਼ਾਂ ‘ਤੇ ਨਹੀਂ, ਸਗੋਂ ਖ਼ਾਸ ਯਾਤਰੀਆਂ ਦੀ ਯੋਗਤਾ ‘ਤੇ ਲਾਗੂ ਹੁੰਦੀਆਂ ਹਨ।
ਅਮਰੀਕਾ ਦਾ ਵੀਜ਼ਾ ਵੇਵਰ ਪ੍ਰੋਗਰਾਮ ਭਾਗੀਦਾਰ ਦੇਸ਼ਾਂ ਦੇ ਨਾਗਰਿਕਾਂ ਨੂੰ ਸੈਰ-ਸਪਾਟੇ ਜਾਂ ਕਾਰੋਬਾਰ ਲਈ 90 ਦਿਨ ਤੱਕ ਬਿਨਾਂ ਰਵਾਇਤੀ ਵੀਜ਼ੇ ਦੇ ਯਾਤਰਾ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਯਾਤਰਾ ਤੋਂ ਪਹਿਲਾਂ ਈ.ਐੱਸ.ਟੀ.ਏ. ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਅਤੇ ਹਰ ਯਾਤਰੀ ਨੂੰ ਨਿਰਧਾਰਤ ਸੁਰੱਖਿਆ ਮਾਪਦੰਡ ਪੂਰੇ ਕਰਨੇ ਪੈਂਦੇ ਹਨ।
ਨਵੇਂ ਨਿਯਮਾਂ ਅਨੁਸਾਰ ਉਹ ਲੋਕ ਵੀਜ਼ਾ ਵੇਵਰ ਪ੍ਰੋਗਰਾਮ ਦੀ ਸਹੂਲਤ ਨਹੀਂ ਲੈ ਸਕਣਗੇ, ਜਿਨ੍ਹਾਂ ਨੇ 1 ਮਾਰਚ 2011 ਤੋਂ ਬਾਅਦ ਇਰਾਨ, ਇਰਾਕ, ਉੱਤਰੀ ਕੋਰੀਆ, ਸੀਰੀਆ, ਲੀਬੀਆ, ਸੋਮਾਲੀਆ, ਸੁਡਾਨ ਜਾਂ ਯਮਨ ਦੀ ਯਾਤਰਾ ਕੀਤੀ ਹੈ। ਇਸ ਤੋਂ ਇਲਾਵਾ, 12 ਜਨਵਰੀ 2021 ਤੋਂ ਬਾਅਦ ਕਿਊਬਾ ਦੀ ਯਾਤਰਾ ਕਰਨ ਵਾਲੇ ਕੁਝ ਯਾਤਰੀ ਅਤੇ ਪਾਬੰਦੀ ਵਾਲੇ ਦੇਸ਼ਾਂ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੇ ਵਿਅਕਤੀ ਵੀ ਈ.ਐੱਸ.ਟੀ.ਏ. ਲਈ ਅਯੋਗ ਹੋ ਸਕਦੇ ਹਨ। ਕੁਝ ਸੀਮਤ ਛੋਟਾਂ ਵੀ ਮੌਜੂਦ ਹਨ।
ਅਮਰੀਕੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਪੂਰੀ ਯਾਤਰਾ ਪਾਬੰਦੀ ਨਹੀਂ ਹੈ। ਜਿਹੜੇ ਲੋਕ ਈ.ਐੱਸ.ਟੀ.ਏ. ਲਈ ਯੋਗ ਨਹੀਂ ਰਹਿੰਦੇ, ਉਹ ਅਜੇ ਵੀ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਰਾਹੀਂ ਰੈਗੂਲਰ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ। ਫ਼ਰਕ ਸਿਰਫ਼ ਇਹ ਹੈ ਕਿ ਹੁਣ ਉਨ੍ਹਾਂ ਦੀ ਵਧੇਰੇ ਸੁਰੱਖਿਆ ਜਾਂਚ ਅਤੇ ਇੰਟਰਵਿਊ ਕੀਤਾ ਜਾਵੇਗਾ।
ਇਹ ਨਿਯਮ ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸੰਭਾਵਿਤ ਖ਼ਤਰਿਆਂ ਦੀ ਵਧੇਰੇ ਜਾਂਚ ਲਈ ਲਾਗੂ ਕੀਤੇ ਹਨ। ਸਰਕਾਰ ਦਾ ਮੰਨਣਾ ਹੈ ਕਿ ਕੁਝ ਯਾਤਰੀਆਂ ਦੇ ਯਾਤਰਾ ਇਤਿਹਾਸ ਜਾਂ ਦੋਹਰੀ ਨਾਗਰਿਕਤਾ ਕਾਰਨ ਵਾਧੂ ਜਾਂਚ ਜ਼ਰੂਰੀ ਹੈ।
ਯਾਤਰਾ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣੀ ਈ.ਐੱਸ.ਟੀ.ਏ. ਯੋਗਤਾ ਅਤੇ ਅਮਰੀਕਾ ਦੇ ਤਾਜ਼ਾ ਦਾਖ਼ਲਾ ਨਿਯਮਾਂ ਦੀ ਜਾਂਚ ਜ਼ਰੂਰ ਕਰ ਲੈਣ। ਯੋਗਤਾ ਦੀ ਪੁਸ਼ਟੀ ਨਾ ਕਰਨ ਦੀ ਸੂਰਤ ਵਿਚ ਬੋਰਡਿੰਗ ਤੋਂ ਇਨਕਾਰ, ਯਾਤਰਾ ਰੱਦ ਹੋਣ ਜਾਂ ਹੋਰ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਤਬਦੀਲੀਆਂ ਮੁੱਖ ਤੌਰ ‘ਤੇ ਵੀਜ਼ਾ ਵੇਵਰ ਪ੍ਰੋਗਰਾਮ ਵਾਲੇ ਦੇਸ਼ਾਂ ਦੇ ਨਾਗਰਿਕਾਂ ਲਈ ਹਨ। ਭਾਰਤ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਹੈ, ਇਸ ਲਈ ਭਾਰਤੀ ਪਾਸਪੋਰਟ ਧਾਰਕਾਂ ਲਈ ਅਮਰੀਕੀ ਵੀਜ਼ਾ ਪ੍ਰਕਿਰਿਆ ਵਿਚ ਇਸ ਖ਼ਬਰ ਕਾਰਨ ਕੋਈ ਸਿੱਧੀ ਤਬਦੀਲੀ ਨਹੀਂ ਆਈ ਹੈ।
ਅਮਰੀਕਾ ਨੇ ਵੀਜ਼ਾ-ਮੁਕਤ ਯਾਤਰਾ ਦੇ ਨਿਯਮ ਕੀਤੇ ਹੋਰ ਸਖ਼ਤ

