#AMERICA

ਅਮਰੀਕਾ ‘ਚ ਸ਼ਟਲ ਬੱਸ ਲੋਕਾਂ ‘ਤੇ ਚੜ੍ਹੀ; ਇਕ ਮੌਤ ਤੇ ਅਨੇਕਾਂ ਹੋਰ ਜ਼ਖਮੀ

ਸੈਕਰਾਮੈਂਟੋ, 15 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਹਵਾਈ ਰਾਜ ਵਿਚ ਹੋਨੋਲੂਲੂ ਕਰੂਜ਼ ਟਰਮੀਨਲ ‘ਤੇ ਇਕ ਸ਼ਟਲ ਬੱਸ ਅਚਾਨਕ ਤੁਰ ਪਈ ਤੇ ਲੋਕਾਂ ਉਪਰ ਜਾ ਚੜੀ, ਜਿਸ ਦੇ ਸਿੱਟੇ ਵਜੋਂ ਇਕ ਵਿਅਕਤੀ ਦੀ ਮੌਤ ਹੋਣ ਤੇ ਅਨੇਕਾਂ ਹੋਰਨਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਤੇ ਕਾਰਨੀਵਾਲ ਕਰੂਜ਼ ਲਾਈਨ ਅਨੁਸਾਰ ਕਰੂਜ਼ ਪੋਰਟ ਬੱਸ ਇਕ ਘਾਟ ਨੇੜੇ ਖੜ੍ਹੀ ਸੀ ਕਿ ਉਹ ਅਚਾਨਕ ਤੁਰ ਪਈ। ਡਰਾਈਵਰ ਨੇ ਫੁਰਤੀ ਵਰਤ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰੰਤੂ ਕਾਹਲੀ ਵਿਚ ਬਰੇਕ ਲਾਉਣ ਦੀ ਬਜਾਏ ਉਸ ਨੇ ਗੈਸ ਪੈਡਲ ਨੂੰ ਦਬਾਅ ਦਿੱਤਾ। ਬੱਸ ਅੱਗੇ ਖੜ੍ਹੇ ਲੋਕਾਂ ਉਪਰ ਚੜ੍ਹ ਗਈ। ਪੁਲਿਸ ਨੇ ਕਿਹਾ ਹੈ ਕਿ ਕੁੱਲ 11 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 5 ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀਆਂ ਨੇ ਹਸਪਤਾਲ ਦਾਖਲ ਹੋਣ ਤੋਂ ਨਾਂਹ ਕਰ ਦਿੱਤੀ। ਉਹ ਠੀਕ-ਠਾਕ ਹਨ। ਕਾਰਨੀਵਾਲ ਕਰੂਜ਼ ਲਾਈਨ ਅਨੁਸਾਰ ਇਸ ਹਾਦਸੇ ਵਿਚ ਜ਼ਖਮੀ ਹੋਏ 9 ਵਿਅਕਤੀ ਕਾਰਨੀਵਾਲ ਮਿਰਾਕਲ ਸ਼ਿੱਪ ਤੋਂ ਉਤਰੇ ਸਨ, ਜਿਨ੍ਹਾਂ ਵਿਚੋਂ ਇਕ ਔਰਤ ਦੀ  ਮੌਤ ਹੋ ਗਈ, ਜਦਕਿ ਉਸ ਦਾ ਪਤੀ ਜ਼ਖਮੀ ਹੋ ਗਿਆ। ਪੁਲਿਸ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਕੀਤੀ ਜਾਵੇਗੀ ਪਰੰਤੂ ਇਸ ਸਮੇਂ ਲੱਗਦਾ ਹੈ ਕਿ ਰਫਤਾਰ ਹਾਦਸੇ ਦਾ ਕਾਰਨ ਨਹੀਂ ਹੈ।