#AMERICA

ਅਮਰੀਕਾ ‘ਚ ਜਾਅਲੀ ਸ਼ਰਣ ਕੇਸ ਪਾਉਣ ਵਾਲੇ ਭਾਰਤੀ ਵਕੀਲ ‘ਤੇ ਕਾਰਵਾਈ

-2.50 ਲੱਖ ਡਾਲਰ ਦਾ ਠੋਕਿਆ ਜੁਰਮਾਨਾ
ਨਿਊਯਾਰਕ, 26 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਨਾਲ-ਨਾਲ, ਜਾਅਲੀ ਸ਼ਰਣ ਦੇ ਕੇਸ ਦਾਇਰ ਕਰਨ ਦੇ ਕਥਿਤ ਮਾਮਲੇ ਵਿਚ ਭਾਰਤੀ ਮੂਲ ਦੇ ਇਮੀਗ੍ਰੇਸ਼ਨ ਵਕੀਲ ਤੋਂ 2,50,000 ਡਾਲਰ ਦਾ ਜੁਰਮਾਨਾ ਵਸੂਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਿਨੋਦ ਦੋਦਾਮਨੀ ਨਾਂ ਦੇ ਇਸ ਵਕੀਲ ‘ਤੇ 32 ਇਮੀਗ੍ਰੇਸ਼ਨ ਮਾਮਲਿਆਂ ‘ਚ ਕੁੱਲ 64 ਜਾਅਲੀ ਦਸਤਾਵੇਜ਼ ਦਾਇਰ ਕਰਨ ਦਾ ਦੋਸ਼ ਹੈ। ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨਜ਼ ਦੇ ਅਨੁਸਾਰ ਜੁਰਮਾਨੇ ਦੀ ਵਸੂਲੀ ਲਈ ਵਿਨੋਦ ਦੋਦਾਮਨੀ ਨੂੰ ਪੰਜ ਵੱਖ-ਵੱਖ ਨੋਟਿਸ ਜਾਰੀ ਕੀਤੇ ਗਏ ਹਨ।
ਹੋਮਲੈਂਡ ਸਕਿਓਰਿਟੀ ਦੇ ਅਨੁਸਾਰ, ਉਹ ਸਾਰੇ ਪ੍ਰਵਾਸੀ ਜਿਨ੍ਹਾਂ ਦੇ ਵਕੀਲ ਨੇ ਕੇਸ ਦਾਇਰ ਕੀਤੇ ਸਨ, ਉਹ ਲੋਕ ਭਾਰਤੀ ਹਨ। ਹੁਣ ਜਦੋਂ ਇਸ ਸਥਾਨਕ ਇਮੀਗ੍ਰੇਸ਼ਨ ਵਕੀਲ ਨੂੰ ਜੁਰਮਾਨਾ ਲਗਾਇਆ ਗਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਉਸ ਦੇ ਸਾਰੇ ਮੁਵੱਕਿਲਾਂ ਲਈ ਦੇਸ਼ ਨਿਕਾਲਾ ਦੇ ਹੁਕਮ ਹੁਣ ਤੱਕ ਜਾਰੀ ਕੀਤੇ ਜਾ ਚੁੱਕੇ ਹੋਣਗੇ। ਜਿਨ੍ਹਾਂ ਲੋਕਾਂ ਕੋਲ ਇਸ ਸਮੇਂ ਉਸ ਨਾਲ ਕੇਸ ਹਨ, ਉਨ੍ਹਾਂ ਨੂੰ ਵੀ ਅਮਰੀਕਾ ਛੱਡਣ ਦੀ ਤਿਆਰੀ ਸ਼ੁਰੂ ਕਰਨੀ ਪਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਵਕੀਲ ਵਿਨੋਦ ਦੋਦਾਮਨੀ ਨੇ ਜਿਨ੍ਹਾਂ ਸਾਰੇ ਮਾਮਲਿਆਂ ਵਿਚ ਜਾਅਲੀ ਦਸਤਾਵੇਜ਼ ਦਾਇਰ ਕੀਤੇ ਹਨ, ਉਹ ਸ਼ਰਣ ਨਾਲ ਸਬੰਧਤ ਹਨ। ਡੀ.ਐੱਚ.ਐੱਸ. ਵੱਲੋਂ ਦਿੱਤੇ ਗਏ ਬਿਆਨ ਅਨੁਸਾਰ, ਇਹ ਸਥਾਨਕ ਵਕੀਲ ਸਾਰੇ ਮਾਮਲਿਆਂ ਵਿਚ ਇੱਕੋ ਜਿਹੀ ਕਹਾਣੀ ਬਣਾਉਂਦਾ ਸੀ ਅਤੇ ਪੇਸ਼ ਕੀਤੇ ਗਏ ਸਬੂਤ ਵੀ ਲਗਭਗ ਇੱਕੋ ਜਿਹੇ ਸਨ।