-ਬ੍ਰਿਟੇਨ ਦੀ ਚਿੰਤਾ ਵਧੀ
ਲੰਡਨ, 30 ਨਵੰਬਰ (ਪੰਜਾਬ ਮੇਲ)- ਦੁਨੀਆਂ ‘ਚ ਇਕ ਪਾਸੇ ਚੀਨ ‘ਚ ਨਿਮੋਨੀਆ ਨੇ ਤਬਾਹੀ ਮਚਾਈ ਹੋਈ ਹੈ। ਹੁਣ ਸਵਾਈਨ ਫਲੂ ਦੇ ਐੱਚ1ਐੱਨ2 ਨੇ ਬ੍ਰਿਟੇਨ ਦੀ ਚਿੰਤਾ ਵਧਾ ਦਿੱਤੀ ਹੈ। ਸੂਰਾਂ ਵਿਚ ਪਾਏ ਜਾਣ ਵਾਲੇ ਇਸ ਸਟ੍ਰੇਨ ਦਾ ਮਨੁੱਖ ਵਿਚ ਪਾਇਆ ਜਾਣ ਵਾਲਾ ਇਹ ਪਹਿਲਾ ਮਾਮਲਾ ਹੈ। ਯੂ. ਕੇ. ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਨੌਜਵਾਨ ਦਾ ਉੱਤਰੀ ਯੌਰਕਸ਼ਾਇਰ ਵਿਚ ਸਾਹ ਦੀ ਸਮੱਸਿਆ ਲਈ ਟੈਸਟ ਕੀਤਾ ਗਿਆ ਸੀ। ਇਸ ਦੌਰਾਨ ਉਸ ਵਿਚ ਸਵਾਈਨ ਫਲੂ ਦਾ ਸਟ੍ਰੇਨ ਐੱਚ1ਐੱਨ2 ਪਾਇਆ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਹ ਵਾਇਰਸ ਸੂਰਾਂ ਵਿਚ ਪਾਇਆ ਜਾਂਦਾ ਹੈ। ਪਰ ਬ੍ਰਿਟੇਨ ਵਿਚ ਕਿਸੇ ਮਨੁੱਖ ਵਿਚ ਫਲੂ ਦੇ ਇਸ ਸਟ੍ਰੇਨ ਦਾ ਇਹ ਪਹਿਲਾ ਮਾਮਲਾ ਹੈ। ਬੰਦੇ ਵਿਚ ਸਵਾਈਨ ਫਲੂ ਦੇ ਹਲਕੇ ਲੱਛਣ ਸਨ ਅਤੇ ਉਹ ਹੁਣ ਪੂਰੀ ਤਰ੍ਹਾਂ ਠੀਕ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸਵਾਈਨ ਫਲੂ ਦਾ ਇਹ ਸਟ੍ਰੇਨ ਕਿੰਨਾ ਖਤਰਨਾਕ ਹੈ। ਜਿਸ ਵਿਅਕਤੀ ਵਿਚ ਸਵਾਈਨ ਫਲੂ ਦਾ ਇਹ ਸਟ੍ਰੇਨ ਪਾਇਆ ਗਿਆ ਹੈ, ਉਸ ਦੇ ਸੂਰਾਂ ਨਾਲ ਕੰਮ ਕਰਨ ਜਾਂ ਕੋਈ ਸੰਪਰਕ ਰਹਿਣ ਦੀ ਵੀ ਗੱਲ ਸਾਹਮਣੇ ਨਹੀਂ ਆਈ ਹੈ।
ਇਸ ਦੇ ਨਾਲ ਹੀ ਯੂ. ਕੇ. ਐੱਚ. ਐੱਸ. ਏ. ਨੇ ਕਿਹਾ ਕਿ ਇਸ ਸਟ੍ਰੇਨ ਕਾਰਨ ਮਹਾਮਾਰੀ ਫੈਲਣ ਦੀ ਸੰਭਾਵਨਾ ‘ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਸੰਗਠਨ ਨੇ ਕਿਹਾ ਕਿ ਸਿਹਤ ਅਧਿਕਾਰੀ ਲਾਗ ਦੇ ਸਰੋਤ ਦਾ ਪਤਾ ਲਗਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਪਰ ਇਸ ਦੇ ਸਰੋਤ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਮੁਤਾਬਕ ਪਿਛਲੇ 20 ਸਾਲਾਂ ਵਿਚ ਦੁਨੀਆਂ ਭਰ ਵਿਚ ਏ(ਐੱਚ1ਐੱਨ2)ਵੀ ਦੇ 50 ਮਨੁੱਖੀ ਮਾਮਲੇ ਸਾਹਮਣੇ ਆਏ ਹਨ। ਯੂ. ਕੇ. ਹੈਲਥ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਕਿ ਮਰੀਜ਼ ਨੂੰ ਹਲਕੀ ਬਿਮਾਰੀ ਸੀ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ। ਰੂਟੀਨ ਰਾਸ਼ਟਰੀ ਫਲੂ ਨਿਗਰਾਨੀ ਦੌਰਾਨ ਲਾਗ ਦਾ ਪਤਾ ਲਗਾਇਆ ਗਿਆ ਸੀ ਅਤੇ ਲਾਗ ਦੇ ਸਰੋਤ ਦਾ ਪਤਾ ਨਹੀਂ ਸੀ।
ਯੂ. ਕੇ. ਹੈਲਥ ਪ੍ਰੋਟੈਕਸ਼ਨ ਏਜੰਸੀ ਦੀ ਡਾਇਰੈਕਟਰ ਮੀਰਾ ਚੰਦ ਨੇ ਕਿਹਾ ਕਿ ‘ਫਲੂ ਦੀ ਨਿਯਮਿਤ ਨਿਗਰਾਨੀ ਅਤੇ ਲਗਾਤਾਰ ਜੀਨੋਮ ਕ੍ਰਮ ਦੇ ਕਾਰਨ ਅਸੀਂ ਇਸ ਵਾਇਰਸ ਦਾ ਪਤਾ ਲਗਾਉਣ ਦੇ ਯੋਗ ਹੋ ਗਏ ਹਾਂ। ਇਹ ਪਹਿਲੀ ਵਾਰ ਹੈ ਜਦੋਂ ਅਸੀਂ ਯੂ. ਕੇ. ਵਿਚ ਮਨੁੱਖਾਂ ਵਿਚ ਇਸ ਵਾਇਰਸ ਦਾ ਪਤਾ ਲਗਾਇਆ ਹੈ, ਜੋ ਕਿ ਸੂਰਾਂ ਵਿਚ ਪਾਏ ਜਾਣ ਵਾਲੇ ਵਾਇਰਸ ਵਰਗਾ ਹੈ। ਅਸੀਂ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਉਣ ਅਤੇ ਕਿਸੇ ਵੀ ਫੈਲਾਅ ਨੂੰ ਘਟਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਸਾਲ 2009 ‘ਚ ਐੱਚ1ਐੱਨ1 ਕਾਰਨ ਹੋਈ ਮਹਾਮਾਰੀ ਕਾਰਨ ਬ੍ਰਿਟੇਨ ‘ਚ 474 ਮੌਤਾਂ ਹੋਈਆਂ ਸਨ ਅਤੇ ਦੁਨੀਆਂ ਭਰ ‘ਚ ਆਲਮੀ ਸਿਹਤ ਐਮਰਜੈਂਸੀ ਲੱਗੀ ਹੋਈ ਸੀ।