#PUNJAB

ਹੁਣ ਜਰਖੜ ਖੇਡਾਂ 10 ਅਤੇ 11 ਫਰਵਰੀ ਨੂੰ

-ਲੋਕ ਗਾਇਕ ਹਰਜੀਤ ਹਰਮਨ ਦਾ ਲੱਗੇਗਾ 11 ਫਰਵਰੀ ਨੂੰ ਖੁੱਲਾ ਅਖਾੜਾ
ਲੁਧਿਆਣਾ, 24 ਜਨਵਰੀ (ਪੰਜਾਬ ਮੇਲ)- ਪੰਜਾਬ ਦੀਆਂ 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ ਸਰਦੀ ਦੇ ਕਰੋਪ ਅਤੇ ਸਕੂਲੀ ਬੱਚਿਆਂ ਦੀਆਂ ਛੁੱਟੀਆਂ ਵਧਣ ਕਾਰਨ 2 ਹਫਤੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਹੁਣ ਇਹ ਖੇਡਾਂ 10 ਅਤੇ 11 ਫਰਵਰੀ ਨੂੰ ਹੋਣਗੀਆਂ ।
ਜਰਖੜ ਖੇਡਾਂ ਸਬੰਧੀ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਜ਼ਰੂਰੀ ਮੀਟਿੰਗ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਕਾਰਵਾਈ ਬਾਰੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਏਵਨ ਸਾਈਕਲ ਕੰਪਨੀ ਵੱਲੋਂ ਜਰਖੜ ਖੇਡ ਸਟੇਡੀਅਮ ਨੂੰ ਪੂਰੀ ਰੰਗ-ਰੋਗਨ ਕਰਕੇ ਸਜਾਇਆ ਗਿਆ ਹੈ। ਇਨ੍ਹਾਂ ਖੇਡਾਂ ਵਿਚ ਨਾਇਬ ਸਿੰਘ ਗਰੇਵਾਲ ਜੋਧਾ ਓਪਨ ਕਬੱਡੀ ਕੱਪ, ਹਾਕੀ ਸੀਨੀਅਰ (ਮੁੰਡੇ ਕੁੜੀਆਂ) ਹਾਕੀ ਸਬ ਜੂਨੀਅਰ ਮੁੰਡੇ, ਵਾਲੀਬਾਲ, ਗੱਦੇ ਵਾਲੀਆਂ ਕੁਸ਼ਤੀਆਂ, ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਫੁੱਟਬਾਲ, ਕਬੱਡੀ ਤੋਂ ਇਲਾਵਾ ਸੀਨੀਅਰ ਸੈਕੰਡਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ ਰੱਸਾਕਸੀ, ਕਬੱਡੀ ਨੈਸ਼ਨਲ ਸਟਾਈਲ, ਵਾਲੀਬਾਲ ਆਦਿ ਹੋਰ ਖੇਡਾਂ ਦੇ ਮੁਕਾਬਲੇ ਹੋਣਗੇ। ਉਨ੍ਹਾਂ ਦੱਸਿਆ ਕਿ ਹਾਕੀ ਦੇ ਮੁਕਾਬਲੇ 9 ਫਰਵਰੀ ਨੂੰ ਹੋਣਗੇ, ਜਦਕਿ ਟੂਰਨਾਮੈਂਟ ਦਾ ਉਦਘਾਟਨ 10 ਫਰਵਰੀ ਨੂੰ ਹੋਵੇਗਾ ਅਤੇ ਫਾਈਨਲ ਮੁਕਾਬਲੇ 11 ਫਰਵਰੀ ਨੂੰ ਹੋਣਗੇ। ਇਸ ਮੌਕੇ ਦੁਪਹਿਰੇ 2 ਵਜੇ ਲੋਕ ਗਾਇਕ ਹਰਜੀਤ ਹਰਮਨ ਦਾ ਖੁੱਲ੍ਹਾ ਅਖਾੜਾ ਲੱਗੇਗਾ। ਕਬੱਡੀ ਦੇ ਮੈਚ ਸ਼ਾਮ 5 ਵਜੇ ਤੋਂ ਪਹਿਲਾਂ ਹੀ ਸਮਾਪਤ ਕਰ ਦਿੱਤੇ ਜਾਣਗੇ। ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ ਵੱਲੋਂ 60 ਸਾਈਕਲ ਦਿੱਤੇ ਜਾਣਗੇ।
ਮੀਟਿੰਗ ਵਿਚ ਇੰਸਪੈਕਟਰ ਬਲਬੀਰ ਸਿੰਘ ਹੀਰ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ ਪਹਿਲਵਾਨ ਹਰਮੇਲ ਸਿੰਘ ਕਾਲਾ, ਸ਼ਿੰਗਾਰਾ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਦੁਪਿੰਦਰ ਸਿੰਘ ਡਿੰਪੀ, ਸਾਹਿਬਜੀਤ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਪੰਮਾ ਗਰੇਵਾਲ, ਗੁਰਤੇਜ ਸਿੰਘ ਬਾਕਸਿੰਗ ਕੋਚ, ਜਸਮੇਲ ਸਿੰਘ ਨੋਕਵਾਲ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।