ਵੈਨਕੂਵਰ, 20 ਅਪ੍ਰੈਲ (ਪੰਜਾਬ ਮੇਲ)- ਕਬੱਡੀ ‘ਚ ਕਥਿਤ ਡੂੰਘੀ ਸ਼ਮੂਲੀਅਤ ਤੋਂ ਬਾਅਦ, ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰਾਂ ਨੇ ਹੁਣ ਆਪਣਾ ਧਿਆਨ ਕ੍ਰਿਕਟ ਵੱਲ ਮੋੜ ਲਿਆ ਹੈ। ਸੀ.ਬੀ.ਸੀ. ਦੇ ‘ਦਿ ਫਿਫਥ ਸਟੇਟ’ ਦੀ ਇੱਕ ਵੱਡੀ ਜਾਂਚ ਅਨੁਸਾਰ ਕੈਨੇਡੀਅਨ ਕ੍ਰਿਕਟ ਵਿਚ ਧਮਕੀਆਂ ਡਰਾਉਣ-ਧਮਕਾਉਣ ਅਤੇ ਮੈਚ ਫਿਕਸਿੰਗ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਡਾਕੂਮੈਂਟਰੀ ”ਕੁਰੱਪਸ਼ਨ, ਕ੍ਰਾਈਮ ਐਂਡ ਕ੍ਰਿਕਟ ਕੈਨੈਡਾ’ ਨੇ ਖੁਲਾਸਾ ਕੀਤਾ ਹੈ ਕਿ ਕਿਵੇਂ ਬਿਸ਼ਨੋਈ ਗੈਂਗ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਵਿਅਕਤੀਆਂ ਨੇ ਜੁਲਾਈ 2025 ਵਿਚ ਸਰੀ, ਬ੍ਰਿਟਿਸ਼ ਕੋਲੰਬੀਆ ਵਿਚ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਕਥਿਤ ਤੌਰ ‘ਤੇ ਧਮਕਾਇਆ ਸੀ। ਇਹ ਧਮਕੀਆਂ ਭਾਰਤੀ ਮੂਲ ਦੇ ਖਿਡਾਰੀ ਦਿਲਪ੍ਰੀਤ ਸਿੰਘ ਬਾਜਵਾ ਨੂੰ ਕਪਤਾਨ ਵਜੋਂ ਤੇਜ਼ੀ ਨਾਲ ਉਭਾਰਨ ਲਈ ਸਮਰਥਨ ਹਾਸਲ ਕਰਨ ਵਾਸਤੇ ਦਿੱਤੀਆਂ ਗਈਆਂ ਸਨ।
ਦਿਲਪ੍ਰੀਤ ਬਾਜਵਾ, ਜੋ ਮੂਲ ਰੂਪ ਵਿਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਰਹਿਣ ਵਾਲਾ ਹੈ ਅਤੇ ਡੀ.ਏ.ਵੀ. ਸੈਂਟੇਨਰੀ ਸਕੂਲ ਦਾ ਸਾਬਕਾ ਵਿਦਿਆਰਥੀ ਹੈ, 2020 ਵਿਚ ਕੈਨੇਡਾ ਗਿਆ ਸੀ। ਉਸ ਨੂੰ 2026 ਦੇ ਟੀ-20 ਵਿਸ਼ਵ ਕੱਪ ਤੋਂ ਕੁਝ ਹਫ਼ਤੇ ਪਹਿਲਾਂ ਕਪਤਾਨ ਨਿਯੁਕਤ ਕੀਤਾ ਗਿਆ ਸੀ, ਜਿਸ ਫੈਸਲੇ ਨੇ ਚੋਣਕਾਰਾਂ, ਕੋਚ ਅਤੇ ਸੀਨੀਅਰ ਖਿਡਾਰੀਆਂ ਨੂੰ ਹੈਰਾਨ ਕਰ ਦਿੱਤਾ ਸੀ।
ਰਿਪੋਰਟ ਅਤੇ ਵਿਸ਼ਵਵਿਆਪੀ ਨਿਊਜ਼ ਆਊਟਲੇਟਸ ਨੇ ਹਾਈਲਾਈਟ ਕੀਤਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਟੀ-20 ਵਿਸ਼ਵ ਕੱਪ ਦੌਰਾਨ ਚੇਨੱਈ ਵਿਚ ਨਿਊਜ਼ੀਲੈਂਡ ਵਿਰੁੱਧ ਸੁੱਟੇ ਗਏ ਇੱਕ ਸ਼ੱਕੀ ਓਵਰ ਲਈ ਬਾਜਵਾ ਦੀ ਜਾਂਚ ਕਰ ਰਹੀ ਹੈ। ਇਸ ਓਵਰ ਵਿਚ ਉਸ ਨੇ ਇੱਕ ਨੋ-ਬਾਲ, ਇੱਕ ਵਾਈਡ ਸੁੱਟੀ ਅਤੇ 15 ਦੌੜਾਂ ਦਿੱਤੀਆਂ। ਆਈ.ਸੀ.ਸੀ. ਵੱਲੋਂ ਬਾਜਵਾ ਤੋਂ ਪੁੱਛਗਿੱਛ ਕੀਤੀ ਗਈ ਅਤੇ ਰਿਪੋਰਟਾਂ ਅਨੁਸਾਰ ਉਸਦਾ ਫੋਨ ਵੀ ਤਲਾਸ਼ਿਆ ਗਿਆ।
ਡੇਲਟਾ, ਬੀ.ਸੀ. ਵਿਚ ਕੈਨੇਡੀਅਨ ਪੁਲਿਸ ਅਤੇ ਆਰ.ਸੀ.ਐੱਮ.ਪੀ. ਇਸ ਘੁਟਾਲੇ ਨਾਲ ਜੁੜੇ ਘਰਾਂ ‘ਤੇ ਗੋਲੀਬਾਰੀ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਡਾਕੂਮੈਂਟਰੀ ਵਿਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਡਰਾਉਣ-ਧਮਕਾਉਣ ਦਾ ਮੁੱਖ ਉਦੇਸ਼ ਬਾਜਵਾ ਅਤੇ ਇੱਕ ਹੋਰ ਖਿਡਾਰੀ ਦੇ ਅਹੁਦੇ ਦੀ ਰੱਖਿਆ ਕਰਨਾ ਸੀ। ਕ੍ਰਿਕਟ ਕੈਨੇਡਾ ਦੇ ਸਾਬਕਾ ਅਧਿਕਾਰੀਆਂ ਨੇ ਧਮਕੀਆਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ, ਜਦੋਂ ਕਿ ਬੋਰਡ ਨੂੰ ਮਾੜੇ ਸ਼ਾਸਨ ਅਤੇ ਬਾਹਰੀ ਦਖਲਅੰਦਾਜ਼ੀ ਦੇ ਵਿਆਪਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈ.ਸੀ.ਸੀ., ਕੈਨੇਡੀਅਨ ਪੁਲਿਸ ਅਤੇ ਕ੍ਰਿਕਟ ਕੈਨੇਡਾ ਵੱਲੋਂ ਜਾਂਚ ਜਾਰੀ ਹੈ ਅਤੇ ਅਜੇ ਤੱਕ ਕੋਈ ਦੋਸ਼ ਆਇਦ ਨਹੀਂ ਕੀਤੇ ਗਏ ਹਨ।
ਹੁਣ ਕੈਨੇਡਾ ‘ਚ ਪੰਜਾਬੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਕ੍ਰਿਕਟ ਮੈਚ ਫਿਕਸਿੰਗ

