ਮਾਮਲਾ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਦਾ
ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਾਰਵਰਡ ਯੂਨੀਵਰਸਿਟੀ ਨੇ ਇਕ ਅਦਾਲਤ ਵਿਚ ਦਾਇਰ ਬੇਨਤੀ ਵਿਚ ਮੰਗ ਕੀਤੀ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਰੋਕਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਵੇ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਨੀਵਰਸਿਟੀ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਪਰ ਲਾਈ ਆਰਜੀ ਰੋਕ ਤੋਂ ਬਾਅਦ 24 ਘੰਟਿਆਂ ਦੇ ਵੀ ਘੱਟ ਸਮੇਂ ਵਿਚ ਦਾਇਰ ਅਪੀਲ ਵਿਚ ਯੂਨੀਵਰਸਿਟੀ ਨੇ ਅਦਾਲਤ ਕੋਲੋਂ ਹੰਗਾਮੀ ਦਖਲ ਦੇਣ ਦੀ ਮੰਗ ਕੀਤੀ ਹੈ। ਯੂਨੀਵਰਸਿਟੀ ਦੇ ਕੁੱਲ ਵਿਦਿਆਰਥੀਆਂ ਦੇ ਚੌਥੇ ਹਿੱਸੇ ਤੋਂ ਵਧ ਵਿਦਿਆਰਥੀ ਵਿਦੇਸ਼ੀ ਹਨ। ਦਾਇਰ ਸੋਧੀ ਹੋਈ ਅਪੀਲ ਵਿਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਦਾ ਘੋਸ਼ਣਾਪੱਤਰ ਕਾਨੂੰਨ ਦੀ ਉਲੰਘਣਾ ਹੈ, ਜਿਸ ਤਹਿਤ ਹਾਰਵਰਡ ਯੂਨੀਵਰਸਿਟੀ ‘ਚ ਦਾਖਲਾ ਲੈਣ ਦੇ ਚਾਹਵਾਨ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ੇ ਮੁਲਤਵੀ ਕਰ ਦਿੱਤੇ ਗਏ ਹਨ। ਯੂਨੀਵਰਸਿਟੀ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਤਕਰੀਬਨ ਸਾਰੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਉਪਰ ਰੋਕ ਲਾ ਦਿੱਤੀ ਹੈ, ਜੋ ਵਿਦਿਆਰਥੀ ਅਮਰੀਕੀ ਯੂਨੀਵਰਸਿਟੀਆਂ ਵਿਚ ਪੜ੍ਹਣ ਜਾਂ ਅਕਾਦਮਿਕ ਵਟਾਂਦਰਾ ਪ੍ਰੋਗਰਾਮ ਵਿਚ ਹਿੱਸਾ ਲੈਣ ਆਉਂਦੇ ਹਨ। ਯੂਨੀਵਰਸਿਟੀ ਨੇ ਮੰਗ ਕੀਤੀ ਹੈ ਕਿ ਟਰੰਪ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਟਰੰਪ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ।
ਹਾਰਵਰਡ ਯੂਨੀਵਰਸਿਟੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ; ਹੰਗਾਮੀ ਦਖਲ ਦੇਣ ਦੀ ਕੀਤੀ ਮੰਗ
