ਬਰਮੂਡਾ, 4 ਅਕਤੂਬਰ (ਪੰਜਾਬ ਮੇਲ)- ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਰਮੂਡਾ ਤੋਂ ਬੋਸਟਨ ਜਾ ਰਿਹਾ ਇੱਕ ਏਅਰ ਐਂਬੂਲੈਂਸ ਜਹਾਜ਼ ਨੈਨਟਕੇਟ ਸਮੁੰਦਰੀ ਕੰਢੇ ਨੇੜੇ ਕ੍ਰੈਸ਼ ਹੋ ਗਿਆ ਹੈ। ਅਮਰੀਕੀ ਕੋਸਟ ਗਾਰਡ ਨੇ ਜਹਾਜ਼ ਦੇ ਮਲਬੇ ਦੀ ਪੁਸ਼ਟੀ ਕਰਦਿਆਂ ਜਹਾਜ਼ ਸਵਾਰ 6 ਵਿਅਕਤੀਆਂ ਦੀ ਭਾਲ ਲਈ ਵੱਡੇ ਪੱਧਰ ‘ਤੇ ਸਰਚ ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਕ੍ਰੈਸ਼ ਹੋਏ ਜਹਾਜ਼ ਦੀ ਪਛਾਣ ‘ਗਲਫ਼ਸਟ੍ਰੀਮ ਜੀ-100’ ਟਵਿਨ-ਜੈੱਟ ਵਜੋਂ ਹੋਈ ਹੈ, ਜੋ ਕੈਨੇਡੀਅਨ ਏਅਰ ਐਂਬੂਲੈਂਸ ਕੰਪਨੀ ‘ਲੈਟੀਚਿਊਡ ਏਅਰ ਐਂਬੂਲੈਂਸ’ ਵੱਲੋਂ ਚਲਾਇਆ ਜਾ ਰਿਹਾ ਸੀ। ਇਸ ਜਹਾਜ਼ ‘ਚ ਕੁੱਲ 6 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 4 ਕੈਨੇਡੀਅਨ ਅਤੇ 2 ਬਰਮੂਡਾ ਦੇ ਨਾਗਰਿਕ ਸ਼ਾਮਲ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ‘ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ’ (FAA) ਅਨੁਸਾਰ, ਸ਼ਨੀਵਾਰ ਤੜਕੇ ਸਥਾਨਕ ਸਮੇਂ ਮੁਤਾਬਕ ਰਾਤ ਦੇ ਲਗਭਗ 2:00 ਵਜੇ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ ਸੀ। ‘FlightAware’ ਤੋਂ ਮਿਲੇ ਫਲਾਈਟ ਡਾਟਾ ਅਨੁਸਾਰ, ਸੰਪਰਕ ਟੁੱਟਣ ਤੋਂ ਪਹਿਲਾਂ ਜਹਾਜ਼ ਤੇਜ਼ੀ ਨਾਲ ਹੇਠਾਂ ਆਉਣ ਲੱਗਾ ਸੀ ਤੇ ਕੁਝ ਹੀ ਮਿੰਟਾਂ ‘ਚ ਇਹ 24,000 ਫੁੱਟ ਦੀ ਉਚਾਈ ਤੋਂ ਡਿੱਗ ਕੇ 10,800 ਫੁੱਟ ‘ਤੇ ਆ ਗਿਆ ਸੀ। ‘LiveATC.net’ ਦੀਆਂ ਆਡੀਓ ਰਿਕਾਰਡਿੰਗਾਂ ਅਨੁਸਾਰ, ਪਾਇਲਟ ਨੇ ਏਅਰਪੋਰਟ ਦੇ ਕੰਟਰੋਲਰਾਂ ਨੂੰ ਜਹਾਜ਼ ‘ਚ ਗੰਭੀਰ ਇਲੈਕਟ੍ਰੀਕਲ ਖ਼ਰਾਬੀ ਆਉਣ ਦੀ ਜਾਣਕਾਰੀ ਦਿੱਤੀ ਸੀ ਅਤੇ ਐਮਰਜੈਂਸੀ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਇਸ ਦਾ ਸੰਪਰਕ ਟੁੱਟ ਗਿਆ ਤੇ ਹੁਣ ਇਸ ਦਾ ਮਲਬਾ ਬਰਾਮਦ ਹੋਇਆ ਹੈ।
ਅਮਰੀਕੀ ਕੋਸਟ ਗਾਰਡ ਨੂੰ ਸਮੁੰਦਰ ‘ਚੋਂ ਇਸ ਜਹਾਜ਼ ਦਾ ਮਲਬਾ ਬਰਾਮਦ ਹੋ ਗਿਆ ਹੈ। ਕੋਸਟ ਗਾਰਡ ਦਾ ਜਹਾਜ਼ ‘ਵਿਲੀਅਮ ਸਪਾਰਲਿੰਗ’ ਅਤੇ ਹੋਰ ਰੈਸਕਿਊ ਟੀਮਾਂ ਇਸ ਜਹਾਜ਼ ‘ਚ ਸਵਾਰ 6 ਲੋਕਾਂ ਦੀ ਭਾਲ ਲਈ ਰਾਤ ਭਰ ਆਪਰੇਸ਼ਨ ‘ਚ ਜੁਟੀਆਂ ਰਹੀਆਂ, ਪਰ ਹਾਲੇ ਤੱਕ ਉਨ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਸਟੀਵਨ ਮੈਕਕਿਨਨ ਨੇ ਇਸ ਹਾਦਸੇ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ ਕੈਨੇਡੀਅਨ ਅਧਿਕਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਰੈਸਕਿਊ ਟੀਮਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ।

