ਅੰਮ੍ਰਿਤਸਰ, 10 ਅਗਸਤ (ਪੰਜਾਬ ਮੇਲ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਕੜਾਹੇ ‘ਚ ਡਿੱਗਣ ਵਾਲੇ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ। 1-2 ਅਗਸਤ ਦੀ ਰਾਤ ਨੂੰ ਸੇਵਾ ਕਰਦੇ ਸਮੇਂ ਸੇਵਾਦਾਰ ਦਾ ਪੈਰ ਤਿਲਕਣ ਕਾਰਨ ਉਹ ਉਬਲਦੇ ਆਲੂਆਂ ਦੀ ਕੜਾਹੀ ਵਿੱਚ ਡਿੱਗ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ 8 ਦਿਨ ਚੱਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੇਵਾਦਾਰ ਬਲਬੀਰ ਸਿੰਘ ਵਾਸੀ ਧਾਲੀਵਾਲ, ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਉਹ ਪਿਛਲੇ ਦਸ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਿਹਾ ਸੀ। ਸੇਵਾ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਆਲੂ ਉਬਾਲਣ ਸਮੇਂ ਕੜਾਹੀ ‘ਤੇ ਝੱਗ ਨਜ਼ਰ ਆਉਂਦੀ ਹੈ, ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ। ਬਲਬੀਰ ਸਿੰਘ ਵੀ ਉਹੀ ਝੱਗ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕੜਾਹੇ ‘ਚ ਜਾ ਡਿੱਗਿਆ।ਜਿਸ ਕਾਰਨ ਉਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ।