#AMERICA

ਸੈਕਰਾਮੈਂਟੋ ਵਿੱਚ ਸ਼ਾਲਿਨੀ ਠਾਕੁਰ ਦਾ ਕਤਲ, ਕਈ ਮਹੀਨਿਆਂ ਤੋਂ ਪਿੱਛਾ ਕਰਨ ਦੇ ਦੋਸ਼

ਸੈਕਰਾਮੈਂਟੋ,  11 ਸਤੰਬਰ (ਪੰਜਾਬ ਮੇਲ)- ਆਰਡਨ-ਆਰਕੇਡ ਇਲਾਕੇ ਵਿੱਚ ਪਨੇਰਾ ਬ੍ਰੈੱਡ ਨੇੜੇ ਗੋਲੀਆਂ ਮਾਰ ਕੇ ਕਤਲ ਕੀਤੀ ਗਈ ਔਰਤ ਦੀ ਪਛਾਣ 38 ਸਾਲਾ ਸ਼ਾਲਿਨੀ ਠਾਕੁਰ ਵਜੋਂ ਹੋਈ ਹੈ। ਘਟਨਾ 8 ਸਤੰਬਰ ਨੂੰ ਹਾਵ ਐਵੇਨਿਊ ਸਥਿਤ ਇੱਕ Grocery Store ਵਿੱਚ ਵਾਪਰੀ। ਮਾਮਲੇ ਦੀ ਜਾਂਚ ਸੈਕਰਾਮੈਂਟੋ ਕਾਊਂਟੀ ਸ਼ੈਰਿਫ਼ ਦਫ਼ਤਰ ਕਰ ਰਿਹਾ ਹੈ।

ਪੁਲਿਸ ਅਨੁਸਾਰ 22 ਸਾਲਾ ਰੋਹਿਤ ਪਹਿਲਾਂ ਹੀ ਮੌਕੇ ਉੱਤੇ ਪਹੁੰਚ ਗਿਆ ਸੀ। ਜਦੋਂ ਸ਼ਾਲਿਨੀ ਆਪਣੀ ਗੱਡੀ ਕੋਲ ਆਈ ਤਾਂ ਉਸ ਨੇ ਕਥਿਤ ਤੌਰ ’ਤੇ ਉਸ ਨੂੰ ਰੋਕਿਆ। ਸ਼ਾਲਿਨੀ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਨੇ ਪਿੱਛਾ ਕਰਕੇ ਉਸ ਉੱਤੇ ਕਈ ਗੋਲੀਆਂ ਚਲਾ ਦਿੱਤੀਆਂ। ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਗੋਲੀਬਾਰੀ ਤੋਂ ਬਾਅਦ ਗਵਾਹਾਂ ਤੋਂ ਮਿਲੀ ਜਾਣਕਾਰੀ ਅਤੇ ਗੱਡੀਆਂ ਦੀਆਂ ਨੰਬਰ ਪਲੇਟਾਂ ਪੜ੍ਹਨ ਵਾਲੇ ਕੈਮਰਿਆਂ ਦੀ ਮਦਦ ਨਾਲ ਪੁਲਿਸ ਨੇ ਰੋਹਿਤ ਦੀ ਗੱਡੀ ਹਾਈਵੇਅ 50 ਉੱਤੇ ਲੱਭ ਲਈ। ਕਾਫ਼ੀ ਸਮਾਂ ਆਵਾਜ਼ਾਂ ਦੇਣ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਗੱਡੀ ਅੰਦਰ ਮ੍ਰਿਤਕ ਪਾਇਆ। ਮੁੱਢਲੀ ਜਾਂਚ ਵਿੱਚ ਉਸ ਦੀ ਮੌਤ ਆਪਣੇ ਹੱਥੋਂ ਚਲਾਈ ਗੋਲੀ ਕਾਰਨ ਹੋਈ ਲੱਗਦੀ ਹੈ। ਇਸ ਕਰਕੇ ਉਸ ਵਿਰੁੱਧ ਹੁਣ ਅਦਾਲਤੀ ਕਾਰਵਾਈ ਨਹੀਂ ਹੋ ਸਕਦੀ, ਪਰ ਪੁਲਿਸ ਘਟਨਾ ਦੇ ਕਾਰਨਾਂ ਅਤੇ ਵਰਤੇ ਹਥਿਆਰ ਦੀ ਜਾਂਚ ਕਰ ਰਹੀ ਹੈ।

ਸ਼ਾਲਿਨੀ ਨੇ ਸਤੰਬਰ 2025 ਤੋਂ ਰੋਹਿਤ ਵੱਲੋਂ ਪਿੱਛਾ ਕਰਨ ਅਤੇ ਤੰਗ ਕਰਨ ਦੇ ਦੋਸ਼ ਲਗਾਏ ਸਨ। ਉਸ ਦੀ ਗੱਡੀ ਵਿੱਚ ਲੁਕਾਇਆ ਏਅਰਟੈਗ ਵੀ ਮਿਲਿਆ ਸੀ। ਉਸ ਨੇ ਦੋਸ਼ ਲਗਾਇਆ ਸੀ ਕਿ ਰੋਹਿਤ ਨੇ ਟਾਇਰ ਦੀ ਹਵਾ ਕੱਢੀ, ਘਰ ਦੀ ਚਾਬੀ ਬਣਾਈ ਅਤੇ ਵਿਆਹ ਲਈ ਦਬਾਅ ਪਾਇਆ। ਸ਼ਾਲਿਨੀ ਨੇ ਸੈਕਰਾਮੈਂਟੋ ਕਾਊਂਟੀ ਉੱਚ ਅਦਾਲਤ ਤੋਂ ਰੋਕ ਹੁਕਮ ਲਿਆ ਸੀ, ਜੋ ਮਈ 2027 ਤੱਕ ਲਾਗੂ ਸੀ। ਜੁਲਾਈ ਵਿੱਚ ਸੰਭਾਵਿਤ ਉਲੰਘਣਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਰੋਹਿਤ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮਿਲਿਆ।

ਦੋਵਾਂ ਦੇ ਭਾਰਤ ਵਿੱਚ ਕਿਸ ਸ਼ਹਿਰ ਜਾਂ ਸੂਬੇ ਨਾਲ ਸਬੰਧ ਹੋਣ ਬਾਰੇ ਪੁਲਿਸ ਜਾਂ ਅਦਾਲਤ ਨੇ ਕੋਈ ਪੁਸ਼ਟੀ ਨਹੀਂ ਕੀਤੀ।

ਹੁਣ ਤੱਕ ਸਾਹਮਣੇ ਆਈ ਪੁਲਿਸ, ਅਦਾਲਤੀ ਅਤੇ ਪਰਿਵਾਰਕ ਜਾਣਕਾਰੀ ਵਿੱਚ ਸ਼ਾਲਿਨੀ ਠਾਕੁਰ ਜਾਂ ਰੋਹਿਤ ਦਾ ਇਮੀਗ੍ਰੇਸ਼ਨ ਦਰਜਾ ਨਹੀਂ ਦੱਸਿਆ ਗਿਆ।

ਇਹ ਵੀ ਜਨਤਕ ਨਹੀਂ ਕੀਤਾ ਗਿਆ ਕਿ ਦੋਵੇਂ ਅਮਰੀਕਾ ਕਦੋਂ ਆਏ ਅਤੇ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਸਨ। ਸਿਰਫ਼ ਇਹ ਪੁਸ਼ਟੀ ਹੋਈ ਹੈ ਕਿ ਸ਼ਾਲਿਨੀ ਸੈਕਰਾਮੈਂਟੋ ਦੀ ਰਹਿਣ ਵਾਲੀ ਅਤੇ ਆਰਡਨ ਇਲਾਕੇ ਦੇ ਆਈਹੌਪ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਰੋਹਿਤ door dash ਦਾ ਕੰਮ ਕਰਦਾ ਸੀ ਅਤੇ ਰੈਸਟੋਰੈਂਟ ਤੋਂ ਆਰਡਰ ਲੈਣ ਸਮੇਂ ਉਸ ਦੀ ਸ਼ਾਲਿਨੀ ਨਾਲ ਜਾਣ-ਪਛਾਣ ਹੋਈ ਸੀ।