ਐਡਮਿੰਟਨ, 23 ਸਤੰਬਰ (ਪੰਜਾਬ ਮੇਲ)- ਐਡਮਿੰਟਨ, ਕੈਨੇਡਾ ਦੇ ਪ੍ਰਸਿੱਧ ਸਥਾਨ ਮਿਲਵੁੱਡਜ਼ ਹਿੱਲ ਸੈਂਟਰ, 23 ਐਵੇਨਿਊ ਅਤੇ 66 ਸਟਰੀਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਮੇਲਾ ਬੜੀ ਧੂਮਧਾਮ ਅਤੇ ਸੁਚੱਜੇ ਢੰਗ ਨਾਲ ਮਨਾਇਆ ਗਿਆ। ਇਹ ਮੇਲਾ ਪੰਜਾਬੀ ਸੱਭਿਆਚਾਰ, ਰਿਵਾਜ਼ਾਂ ਅਤੇ ਪ੍ਰੰਪਰਾਵਾਂ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਸਮਾਗਮ ‘ਚ ਨੌਜਵਾਨ ਲੜਕੀਆਂ ਅਤੇ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਸਮਾਗਮ ਵਿਚ ਗਿੱਧਾ, ਬੋਲੀਆਂ, ਸੁਹਾਗ, ਘੋੜੀਆਂ ਅਤੇ ਲੰਬੀ ਹੇਕ ਦੇ ਗੀਤ ਗਾਏ ਗਏ। ਘੋੜੀਆਂ ਗਾਇਨ ਮੁਕਾਬਲੇ ‘ਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ ਅਤੇ ਅਰਸ਼ਦੀਪ ਕੌਰ ਦੂਜੇ ਸਥਾਨ ‘ਤੇ ਰਹੀ। ਸੁਹਾਗ ਗਾਇਨ ਵਿਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ, ਜਗਜੀਤ ਕੌਰ ਦੂਜੇ ਅਤੇ ਅਰਸ਼ਦੀਪ ਕੌਰ ਤੀਜੇ ਸਥਾਨ ‘ਤੇ ਰਹੀ।
ਲੰਬੀ ਹੇਕ ਦੇ ਗੀਤ ਗਾਇਨ ਮੁਕਾਬਲੇ ‘ਚ ਪ੍ਰਿੰਸੀਪਲ ਦਲਜੀਤ ਕੌਰ ਮੰਡੇਰ ਪਹਿਲੇ ਸਥਾਨ ‘ਤੇ ਰਹੀ, ਜਦਕਿ ਹਰਭਜਨ ਕੌਰ, ਬਲਵੀਰ ਕੌਰ ਚੀਮਾ ਅਤੇ ਸੁਰਿੰਦਰ ਕੌਰ ਦੂਜੇ ਸਥਾਨ ‘ਤੇ ਰਹੀਆਂ। ਗੀਤ ਗਾਇਨ ਵਿਚ ਹਰਜਿੰਦਰ ਪਹਿਲੇ ਅਤੇ ਸੁਖਵਿੰਦਰ ਦੂਜੇ ਸਥਾਨ ‘ਤੇ ਰਹੀ।
ਇਸ ਤੋਂ ਇਲਾਵਾ ਦੌੜ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। ਮਿਊਜ਼ੀਕਲ ਚੇਅਰ ਰੇਸ ‘ਚ ਜੋਗਿੰਦਰ ਕੌਰ ਪਹਿਲੇ, ਪਰਮਜੀਤ ਕੌਰ ਦੂਜੇ ਅਤੇ ਨਸੀਬ ਕੌਰ ਤੀਜੇ ਸਥਾਨ ‘ਤੇ ਰਹੀਆਂ। ਸਭ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਸਾਰੇ ਹੋਰ ਇਨਾਮ ਵੀ ਕੱਢੇ ਗਏ।
ਅੰਤ ਵਿਚ ਨਾਮਵਰ ਗਾਇਕ ਸੁਖਵਿੰਦਰ ਸੁੱਖੀ ਨੇ ਦਿਲ-ਖਿੱਚਵੇਂ ਗੀਤ ਗਾ ਕੇ ਖੂਬ ਰੰਗ ਬੰਨ੍ਹਿਆ। ਇਸ ਸਮਾਗਮ ਦੀ ਸੂਤਰਧਾਰ ਸੁਰਜੀਤ ਕੌਰ ਧਾਲੀਵਾਲ ਦੀ ਪੁਸਤਕ ‘ਬੋਲੀਆਂ’ ਦਾ ਲੋਕ ਅਰਪਣ ਵੀ ਕੀਤਾ ਗਿਆ।
ਸਿੱਖ ਫੈਡਰੇਸ਼ਨ ਆਫ ਐਡਮਿੰਟਨ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਗਿਆ

