#AMERICA

ਸਿਨਸਿਨਾਟੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਤੰਤੀ ਸਾਜ਼ਾਂ ਨਾਲ ਸਜਾਏ ਗਏ ਕੀਰਤਨ ਦਰਬਾਰ, ਕੱਢਿਆ ਗਿਆ ਨਗਰ ਕੀਰਤਨ

ਸਿਨਸਿਨਾਟੀ (ਓਹਾਇਓ), 11 ਦਸੰਬਰ (ਸਮੀਪ ਸਿੰਘ ਗੁਮਟਾਲਾ/ਪੰਜਾਬ ਮੇਲ)- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਦੀ ਸਮੂਹ ਸਾਧ ਸੰਗਤ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਗੁਰਪੁਰਬ ਦੇ ਸੰਬੰਧ ਵਿਚ ਤਿੰਨ ਦਿਨਾਂ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ, ਜਿਸ ਵਿਚ ਕੈਲੀਫੋਰਨੀਆ ਤੋਂ ਆਏ ਭਾਈ ਮਨਬੀਰ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਭਾਈ ਗੁਰਚਰਨ ਸਿੰਘ ਜੀ ਦੇ ਜੱਥੇ ਨੇ ਗੁਰੂ ਸਾਹਿਬ ਦੇ ਵੇਲੇ ਦੇ ਤੰਤੀ-ਸਾਜ਼ ਰਬਾਬ ਅਤੇ ਦਿਲਰੁਬਾ ਨਾਲ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਅਖੀਰਲੇ ਦਿਨ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਰੱਸਭਿੰਨੇ ਕੀਰਤਨ ਵਿਚ ਇੰਨੀਆਂ ਲੀਨ ਹੋ ਗਈਆਂ ਕਿ ਭਾਈ ਮਨਬੀਰ ਸਿੰਘ ਜੀ ਇਨ੍ਹਾਂ ਸਾਜ਼ਾਂ ਨਾਲ 2 ਘੰਟੇ ਤੋਂ ਵੀ ਵੱਧ ਸਮੇਂ ਲਈ ਕੀਰਤਨ ਕਰਦੇ ਰਹੇ।
ਇਨ੍ਹਾਂ ਸਮਾਗਮਾਂ ਦੌਰਾਨ ਇਨ੍ਹਾਂ ਸਾਜ਼ਾਂ ਦੀ ਸੰਗਤ, ਖਾਸਕਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਵਰਕਸ਼ਾਪ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਵਿਚ ਜੱਥੇ ਨੇ ਇਨ੍ਹਾਂ ਸਾਜ਼ਾਂ ਦੀ ਮਹੱਤਤਾ, ਇਨ੍ਹਾਂ ਨੂੰ ਕਿਵੇਂ ਵਜਾਉਣਾ ਹੈ, ਬਾਰੇ ਜਾਣਕਾਰੀ ਦਿੱਤੀ।
ਸਮਾਗਮਾਂ ਦੇ ਦੂਜੇ ਦਿਨ ਨਿਸ਼ਾਨ ਸਾਹਿਬ ਦੀ ਸੇਵਾ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਵੀ ਸਜਾਏ ਗਏ। ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀਆਂ ਕਈ ਰਿਹਾਇਸ਼ੀ ਆਬਾਦੀਆਂ ਵਿਚੋਂ ਦੀ ਲੰਘਿਆ। ਰਸਤੇ ਵਿਚ ਇਨ੍ਹਾਂ ਅਬਾਦੀਆਂ ਵਿਚ ਰਹਿੰਦੀਆਂ ਸਿੱਖ ਸੰਗਤਾਂ ਵਲੋਂ ਗਰਮ ਦੁੱਧ, ਪਾਣੀ, ਫਲਾਂ ਆਦਿ ਦੇ ਲੰਗਰ ਵੀ ਸੰਗਤਾਂ ਨੂੰ ਵਰਤਾਏ ਗਏ। ਅਮਰੀਕਨਾਂ ਨੇ ਵੀ ਆਪਣੇ ਘਰਾਂ ਦੇ ਬਾਹਰ ਆ ਕੇ ਸਿੱਖ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਨਾਲ ਉਨ੍ਹਾਂ ਨੂੰ ਵੀ ਸਿੱਖਾਂ ਬਾਰੇ ਜਾਣਕਾਰੀ ਮਿਲੀ।
ਸਰਦੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਸਿਨਸਿਨਾਟੀ ਦੇ ਨਾਲ ਲੱਗਦੇ ਸ਼ਹਿਰ ਡੇਟਨ ਅਤੇ ਕੈਨਟੱਕੀ ਸੂਬੇ ਤੋਂ ਵੀ ਸੰਗਤਾਂ ਇਸ ਵਿਚ ਸ਼ਾਮਲ ਹੋਈਆਂ। ਇਸ ਦੋਰਾਨ ਤਿੰਨੋਂ ਦਿਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਨੇ ਇਨ੍ਹਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ, ਸੰਗਤ ਅਤੇ ਨਗਰ ਕੀਰਤਨ ਦੌਰਾਨ ਆਪਣੀਆਂ ਸੇਵਾਵਾਂ ਦੇਣ ਲਈ ਵੈਸਟ ਚੈਸਟਰ ਪੁਲਿਸ ਦਾ ਧੰਨਵਾਦ ਕੀਤਾ।