#AMERICA

ਸਿਆਟਲ ‘ਚ ਫੂਡ ਫੈਸਟੀਵਲ ‘ਚ ਅੰਨ੍ਹੇਵਾਹ ਗੋਲੀਬਾਰੀ ਦੌਰਾਨ 3 ਲੋਕਾਂ ਦੀ ਮੌਤ; 4 ਜ਼ਖ਼ਮੀ

-ਇਕ ਸ਼ੱਕੀ ਹਿਰਾਸਤ ‘ਚ
ਸਿਆਟਲ, 28 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸੀਏਟਲ ਸ਼ਹਿਰ ਵਿੱਚ ਸਥਿਤ ਸ਼ਹਿਰ ਦੀ ਪ੍ਰਸਿੱਧ ‘ਸਪੇਸ ਨੀਡਲ’ ਦੇ ਨੇੜੇ ਚੱਲ ਰਹੇ ਇੱਕ ਫੂਡ ਫੈਸਟੀਵਲ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਸਿਆਟਲ ਸੈਂਟਰ ਵਿਖੇ ਵਾਪਰੀ, ਜਿੱਥੇ ਸਾਲਾਨਾ ‘ਬਾਈਟ ਆਫ ਸਿਆਟਲ’ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਸੀ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਘਟਨਾ ਦੋ ਵਿਅਕਤੀਆਂ ਵਿਚਕਾਰ ਹੋਈ ਆਪਸੀ ਗੋਲੀਬਾਰੀ ਦਾ ਨਤੀਜਾ ਸੀ। ਪੁਲਿਸ ਨੇ ਮੌਕੇ ਤੋਂ ਦੋ ਬੰਦੂਕਾਂ ਬਰਾਮਦ ਕੀਤੀਆਂ ਹਨ। ਸਿਆਟਲ ਦੇ ਮੇਅਰ ਦਫ਼ਤਰ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ ਇੱਕ ਹੋਰ ਸ਼ੱਕੀ ਅਜੇ ਵੀ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਸਿਆਟਲ ਪੁਲਿਸ ਵਿਭਾਗ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਗੋਲੀਬਾਰੀ ਦੇ ਸਮੇਂ ਮੇਲੇ ‘ਚ ਹਜ਼ਾਰਾਂ ਦੀ ਭੀੜ ਮੌਜੂਦ ਸੀ, ਜਿਸ ਕਾਰਨ ਗੋਲੀਆਂ ਚੱਲਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਫੈਲ ਗਈ। ਚਸ਼ਮਦੀਦਾਂ ਅਨੁਸਾਰ ਘੱਟੋ-ਘੱਟ ਸੱਤ ਤੋਂ ਅੱਠ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਗਈਆਂ। 25 ਸਾਲਾ ਚਸ਼ਮਦੀਦ ਐਸਟਨ ਵਾਕੋਨਾਬੋ ਨੇ ਦੱਸਿਆ ਕਿ ਜਿਵੇਂ ਹੀ ਗੋਲੀਆਂ ਚੱਲੀਆਂ, ਲੋਕ ਜਾਨ ਬਚਾਉਣ ਲਈ ਭੱਜਣ ਲੱਗੇ ਅਤੇ ਇੱਕ-ਦੂਜੇ ਨੂੰ ਕੁਚਲਣ ਲੱਗੇ। ਉਸਨੇ ਮੌਕੇ ਦੇ ਹਾਲਾਤ ਨੂੰ ”ਪੂਰੀ ਤਰ੍ਹਾਂ ਹਫੜਾ-ਦਫੜੀ” ਵਾਲਾ ਦੱਸਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ਵਿਚ ਲੋਕਾਂ ਨੂੰ ਚੀਕਦੇ ਹੋਏ ਭੱਜਦੇ ਦੇਖਿਆ ਜਾ ਸਕਦਾ ਹੈ।
ਘਟਨਾ ਤੋਂ ਤੁਰੰਤ ਬਾਅਦ ਪੀੜਤਾਂ ਨੂੰ ‘ਹਾਰਬਰਵਿਊ ਮੈਡੀਕਲ ਸੈਂਟਰ’ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਵਾਕੋਨਾਬੋ ਅਨੁਸਾਰ ਉਸਨੇ ਮੌਕੇ ‘ਤੇ ਕਈ ਲੋਕਾਂ ਨੂੰ ਜ਼ਮੀਨ ‘ਤੇ ਪਏ ਦੇਖਿਆ, ਜਿਨ੍ਹਾਂ ਵਿਚੋਂ ਇੱਕ ਦੀ ਲਾਸ਼ ਪੀਲੀ ਚਾਦਰ ਨਾਲ ਢਕੀ ਹੋਈ ਸੀ।
ਜ਼ਿਕਰਯੋਗ ਹੈ ਕਿ ‘ਬਾਈਟ ਆਫ ਸਿਆਟਲ’ ਇੱਕ ਬਹੁਤ ਹੀ ਮਕਬੂਲ ਸਾਲਾਨਾ ਤਿਉਹਾਰ ਹੈ, ਜੋ 1982 ਤੋਂ ਮਨਾਇਆ ਜਾ ਰਿਹਾ ਹੈ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਉਤਸਵ ਵਿਚ ਲਗਭਗ 3,50,000 ਲੋਕ ਸ਼ਾਮਲ ਹੁੰਦੇ ਹਨ, ਜਿੱਥੇ ਸੈਂਕੜੇ ਸਥਾਨਕ ਵਿਕਰੇਤਾ ਅਤੇ ਲਾਈਵ ਸੰਗੀਤ ਪ੍ਰਦਰਸ਼ਨ ਹੁੰਦੇ ਹਨ। ਇਸ ਖੁਸ਼ੀ ਦੇ ਮਾਹੌਲ ਵਿਚ ਹੋਈ ਹਿੰਸਾ ਕਾਰਨ ਪੂਰੇ ਸ਼ਹਿਰ ਵਿਚ ਸੋਗ ਦੀ ਲਹਿਰ ਹੈ।