#Featured

ਸਾਲ 2022 ‘ਚ ਘੱਟੋ-ਘੱਟ 65960 ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

-ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਦੇਸ਼ਾਂ ‘ਚ ਮੈਕਸੀਕੋ ਤੋਂ ਬਾਅਦ ਭਾਰਤ ਦੂਜੇ ਸਥਾਨ ‘ਤੇ ਪਹੁੰਚਿਆ
ਵਾਸ਼ਿੰਗਟਨ, 22 ਅਪ੍ਰੈਲ (ਪੰਜਾਬ ਮੇਲ)- ਸਾਲ 2022 ਵਿਚ ਘੱਟੋ-ਘੱਟ 65,960 ਭਾਰਤੀ ਅਮਰੀਕੀ ਨਾਗਰਿਕ ਬਣ ਗਏ ਅਤੇ ਇਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ ‘ਤੇ ਪਹੁੰਚ ਗਿਆ। ਯੂ.ਐੱਸ. ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਅਨੁਸਾਰ 2022 ਵਿਚ ਅੰਦਾਜ਼ਨ 4.6 ਕਰੋੜ ਵਿਦੇਸ਼ੀ-ਜਨਮੇ ਲੋਕ ਅਮਰੀਕਾ ਵਿਚ ਰਹਿੰਦੇ ਸਨ, ਜੋ 33.3 ਕਰੋੜ ਦੀ ਕੁੱਲ ਅਮਰੀਕੀ ਆਬਾਦੀ ਦਾ ਲਗਭਗ 14 ਫੀਸਦੀ ਹੈ। ਮੈਕਸੀਕੋ ਵਿਚ ਪੈਦਾ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ, ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਸੀ। ਇਸ ਤੋਂ ਬਾਅਦ ਭਾਰਤ, ਫਿਲਪੀਨਜ਼, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ। ਸਾਲ 2022 ਵਿਚ ਮੈਕਸੀਕੋ ਦੇ 128878 ਨਾਗਰਿਕ ਅਮਰੀਕੀ ਨਾਗਰਿਕ ਬਣੇ। ਉਨ੍ਹਾਂ ਤੋਂ ਬਾਅਦ ਭਾਰਤ (65,960), ਫਿਲਪੀਨਜ਼ (53,413), ਕਿਊਬਾ (46,913), ਡੋਮਿਨਿਕਨ ਰੀਪਬਲਿਕ (34,525), ਵੀਅਤਨਾਮ (33,246) ਅਤੇ ਚੀਨ (27,038) ਨੂੰ ਅਮਰੀਕੀ ਨਾਗਰਿਕਤਾ ਮਿਲੀ। 2023 ਤੱਕ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਵਿਚ ਭਾਰਤ ਦੇ ਲੋਕਾਂ ਦੀ ਗਿਣਤੀ 2,831,330 ਸੀ, ਜੋ ਮੈਕਸੀਕੋ (10,638,429) ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਬਾਅਦ ਨੰਬਰ ਚੀਨ (2,225,447) ਦਾ ਹੈ।