ਰੋਪੜ, 7 ਮਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਰੋਪੜ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕਰੋੜਾਂ ਰੁਪਏ ਦੇ ਜੰਗਲਾਤ ਜ਼ਮੀਨ ਘੁਟਾਲੇ ਦੀ ਜਾਂਚ ਦੇ ਸਬੰਧ ਵਿਚ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਅਧਿਕਾਰਤ ਨੋਟਿਸ ਅਨੁਸਾਰ ਸੰਦੋਆ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਰੋਪੜ ਸਥਿਤ ਵਿਜੀਲੈਂਸ ਦਫ਼ਤਰ ਵਿਖੇ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਜਾਂਚ ਸਾਲ 2022 ਵਿਚ ਨੂਰਪੁਰ ਬੇਦੀ ਪੁਲਿਸ ਸਟੇਸ਼ਨ ਵਿਚ ਦਰਜ ਐੱਫ.ਆਈ.ਆਰ. ਨਾਲ ਸਬੰਧਤ ਹੈ, ਜਿਸ ਵਿਚ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਸ਼ਾਮਲ ਹਨ। ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜੰਗਲਾਤ ਨਿਗਮ ਵੱਲੋਂ ਪਿੰਡ ਕਰੂਰਾ ਵਿਚ 54 ਏਕੜ ਤੋਂ ਵੱਧ ਜ਼ਮੀਨ 9.9 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੀ ਗਈ ਸੀ, ਜਦਕਿ ਉੱਥੇ ਕਲੈਕਟਰ ਰੇਟ ਸਿਰਫ਼ 90,000 ਰੁਪਏ ਸੀ। ਦੋਸ਼ ਹੈ ਕਿ ਜੰਗਲਾਤ ਜ਼ਮੀਨ ਨੂੰ ਕਾਗਜ਼ਾਂ ਵਿਚ ਗੈਰ-ਜੰਗਲਾਤ ਦਿਖਾ ਕੇ ਮਹਿੰਗੇ ਭਾਅ ‘ਤੇ ਖਰੀਦ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਗਿਆ।
ਵਿਜੀਲੈਂਸ ਦੀ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਇਸ ਜ਼ਮੀਨ ਸੌਦੇ ਨਾਲ ਜੁੜੇ ਪੈਸਿਆਂ ਵਿਚੋਂ ਲਗਪਗ 19 ਲੱਖ ਰੁਪਏ ਦੀ ਵਰਤੋਂ ਇੱਕ ਇਨੋਵਾ ਕ੍ਰਿਸਟਾ ਗੱਡੀ ਖਰੀਦਣ ਲਈ ਕੀਤੀ ਗਈ ਸੀ, ਜੋ ਸੰਦੋਆ ਦੇ ਸਹੁਰੇ ਦੇ ਨਾਮ ‘ਤੇ ਰਜਿਸਟਰਡ ਸੀ ਪਰ ਸਾਬਕਾ ਵਿਧਾਇਕ ਵੱਲੋਂ ਵਰਤੀ ਜਾ ਰਹੀ ਸੀ। ਹਾਲਾਂਕਿ ਅਮਰਜੀਤ ਸਿੰਘ ਸੰਦੋਆ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਰੱਦ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਗੱਡੀ ਉਨ੍ਹਾਂ ਦੇ ਸਹੁਰੇ ਨੇ ਖਰੀਦ ਕੇ ਉਨ੍ਹਾਂ ਨੂੰ ਵਰਤਣ ਲਈ ਦਿੱਤੀ ਸੀ ਅਤੇ ਉਨ੍ਹਾਂ ਨੇ ਕਦੇ ਪੈਸੇ ਦੇ ਸਰੋਤ ਬਾਰੇ ਨਹੀਂ ਪੁੱਛਿਆ। ਇਸ ਮਾਮਲੇ ਵਿਚ ਪਹਿਲਾਂ ਹੀ ਚਾਰ ਆਈ.ਐੱਫ.ਐੱਸ. ਅਧਿਕਾਰੀਆਂ ਅਤੇ ਕਈ ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ ਅਤੇ ਹੁਣ ਵਿਜੀਲੈਂਸ ਸੰਦੋਆ ਤੋਂ ਇਸ ਕੇਸ ਦੇ ਤੱਥਾਂ ਅਤੇ ਹਾਲਾਤਾਂ ਬਾਰੇ ਸੱਚਾਈ ਸਾਹਮਣੇ ਲਿਆਉਣ ਲਈ ਪੁੱਛਗਿੱਛ ਕਰੇਗੀ।
ਸਾਬਕਾ ‘ਆਪ’ ਵਿਧਾਇਕ ਅਮਰਜੀਤ ਸੰਦੋਆ ਨੂੰ ਵਿਜੀਲੈਂਸ ਵੱਲੋਂ ਸੰਮਨ

