#INDIA

ਸਾਊਦੀ ਅਰਬ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਉਡਾਣ ਦੀ ਅਹਿਮਦਾਬਾਦ ‘ਚ ਹੋਈ ਐਮਰਜੈਂਸੀ ਲੈਂਡਿੰਗ!

-ਬੰਬ ਦੀ ਧਮਕੀ ਤੋਂ ਬਾਅਦ ਅਹਿਤਿਆਤ ਵਜੋਂ ਚੁੱਕਿਆ ਕਦਮ
ਅਹਿਮਦਾਬਾਦ, 31 ਅਗਸਤ (ਪੰਜਾਬ ਮੇਲ)- ਸਾਊਦੀ ਅਰਬ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਸੋਮਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪੁਲਿਸ ਨੇ ਦੱਸਿਆ ਕਿ ਜਹਾਜ਼ ਦੇ ਇੱਕ ਮੈਂਬਰ ਨੂੰ ਟਿਸ਼ੂ ਪੇਪਰ ਉੱਤੇ ਬੰਬ ਹੋਣ ਦਾ ਸੁਨੇਹਾ ਮਿਲਿਆ ਸੀ, ਜਿਸ ਤੋਂ ਬਾਅਦ ਅਹਿਤਿਆਤ ਵਜੋਂ ਇਹ ਕਦਮ ਚੁੱਕਿਆ ਗਿਆ।
ਜੀ-ਡਿਵੀਜ਼ਨ ਦੇ ਸਹਾਇਕ ਪੁਲਿਸ ਕਮਿਸ਼ਨਰ ਵੀ.ਐੱਨ. ਯਾਦਵ ਨੇ ਦੱਸਿਆ ਕਿ ਧਮਕੀ ਵਾਲਾ ਸੁਨੇਹਾ ਮਿਲਣ ਤੋਂ ਬਾਅਦ ਪਾਇਲਟਾਂ ਨੇ ਦਿੱਲੀ ਜਾਣ ਵਾਲੇ ਇਸ ਜਹਾਜ਼ ਦਾ ਰਸਤਾ ਬਦਲ ਕੇ ਇਸ ਨੂੰ ਅਹਿਮਦਾਬਾਦ ਵੱਲ ਮੋੜ ਲਿਆ।
ਏ.ਸੀ.ਪੀ. ਨੇ ਦੱਸਿਆ ਕਿ ਜਹਾਜ਼ ਨੇ ਸ਼ਾਮ ਨੂੰ ਲਗਪਗ 4:30 ਵਜੇ ਅਹਿਮਦਾਬਾਦ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ। ਸੁਰੱਖਿਆ ਏਜੰਸੀਆਂ ਨੇ ਇਸ ਤੋਂ ਬਾਅਦ ਪੂਰੇ ਜਹਾਜ਼ ਦੀ ਬਾਰੀਕੀ ਨਾਲ ਜਾਂਚ ਕੀਤੀ ਪਰ ਜਹਾਜ਼ ਵਿਚੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਜਹਾਜ਼ਾਂ ਵਿਚ ਬੰਬ ਹੋਣ ਦੇ ਧਮਕੀ ਭਰੇ ਸੁਨੇਹੇ ਮਿਲਦੇ ਰਹੇ ਹਨ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਉਡਾਣ ਵਿਚ ਕੁੱਲ 32 ਯਾਤਰੀ ਸਵਾਰ ਸਨ ਅਤੇ ਸਾਰੇ ਯਾਤਰੀ ਬਿਲਕੁਲ ਸੁਰੱਖਿਅਤ ਹਨ। ਉਨ੍ਹਾਂ ਨੂੰ ਅਹਿਮਦਾਬਾਦ ਹਵਾਈ ਅੱਡੇ ਦੇ ਟਰਮੀਨਲ-2 ਵਿਚ ਠਹਿਰਾਇਆ ਗਿਆ ਹੈ। ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।