-ਪ੍ਰਧਾਨ ਮੰਤਰੀ ਵੱਲੋਂ 9 ਮਹੀਨੇ ਪਹਿਲਾਂ ਕੀਤਾ ਗਿਆ ਸੀ ਬੁੱਤ ਦਾ ਉਦਘਾਟਨ
ਮੁੰਬਈ, 5 ਸਤੰਬਰ (ਪੰਜਾਬ ਮੇਲ)- ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੀ ਇੱਕ ਸਥਾਨਕ ਅਦਾਲਤ ਨੇ ਛੱਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਡਿੱਗਣ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਮੂਰਤੀਕਾਰ-ਠੇਕੇਦਾਰ ਜੈਦੀਪ ਆਪਟੇ ਅਤੇ ਢਾਂਚਾ ਸਲਾਹਕਾਰ ਚੇਤਨ ਪਾਟਿਲ ਨੂੰ ਵੀਰਵਾਰ ਨੂੰ 10 ਸਤੰਬਰ ਤੱਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਪਾਟਿਲ ਨੂੰ 30 ਅਗਸਤ ਨੂੰ ਕੋਲਹਾਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਆਪਟੇ ਨੂੰ ਘਟਨਾ ਦੇ ਸਬੰਧ ਵਿਚ ਐੱਫ.ਆਈ.ਆਰ. ਦਰਜ ਕੀਤੇ ਜਾਣ ਤੋਂ ਲਗਭਗ 10 ਦਿਨ ਬਾਅਦ ਬੁੱਧਵਾਰ ਰਾਤ ਨੂੰ ਠਾਣੇ ਜ਼ਿਲ੍ਹੇ ਦੇ ਕਲਿਆਣ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਿਲ੍ਹੇ ਦੀ ਮਾਲਵਾਨ ਤਹਿਸੀਲ ਦੇ ਰਾਜਕੋਟ ਕਿਲ੍ਹੇ ਵਿਚ ਮਰਾਠਾ ਯੋਧਾ ਛਤਰਪਤੀ ਸ਼ਿਵਾਜੀ ਮਹਾਰਾਜ ਦੀ 35 ਫੁੱਟ ਉੱਚਾ ਬੁੱਤ 26 ਅਗਸਤ ਨੂੰ ਡਿੱਗ ਗਿਆ ਸੀ। ਇਸ ਬੁੱਤ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ ਨੌਂ ਮਹੀਨੇ ਪਹਿਲਾਂ ਕੀਤਾ ਸੀ।
ਸਿੰਧੂਦੁਰਗ ਪੁਲਿਸ ਨੇ ਪਿਛਲੇ ਮਹੀਨੇ ਮੂਰਤੀ ਡਿੱਗਣ ਦੇ ਮਾਮਲੇ ਵਿਚ ਲਾਪ੍ਰਵਾਹੀ ਅਤੇ ਹੋਰ ਅਪਰਾਧਾਂ ਨਾਲ ਸਬੰਧਤ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਧਾਰਾਵਾਂ ਦੇ ਤਹਿਤ ਆਪਟੇ ਅਤੇ ਪਾਟਿਲ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ।