#AMERICA

ਸ਼ਰਨਾਰਥੀਆਂ ਦੀ ਗ੍ਰੀਨ ਕਾਰਡ ਪ੍ਰਕਿਰਿਆ ਰੋਕਣ ‘ਤੇ ਅਦਾਲਤ ਦੇ ਸਵਾਲ

ਵਾਸ਼ਿੰਗਟਨ, 23 ਨਵੰਬਰ (ਪੰਜਾਬ ਮੇਲ)- ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੀ ਉਸ ਨੀਤੀ ਬਾਰੇ ਸਵਾਲ ਚੁੱਕੇ ਹਨ, ਜਿਸ ਤਹਿਤ ਬਾਇਡਨ ਸਰਕਾਰ ਵੇਲੇ ਅਮਰੀਕਾ ਆਏ ਸ਼ਰਨਾਰਥੀਆਂ ਦੀਆਂ ਗ੍ਰੀਨ ਕਾਰਡ ਅਰਜ਼ੀਆਂ ਦੀ ਕਾਰਵਾਈ ਰੋਕ ਦਿੱਤੀ ਗਈ ਹੈ। ਬੋਸਟਨ ਵਿਚ ਸੁਣਵਾਈ ਦੌਰਾਨ ਜੱਜ ਮਯੋਂਗ ਜੌਨ ਨੇ ਪੁੱਛਿਆ ਕਿ ਕੀ ਸਰਕਾਰ ਨੂੰ ਇਨ੍ਹਾਂ ਅਰਜ਼ੀਆਂ ਦੀ ਪ੍ਰਕਿਰਿਆ ਬਿਨਾਂ ਨਿਸ਼ਚਿਤ ਸਮੇਂ ਲਈ ਰੋਕਣ ਦਾ ਅਧਿਕਾਰ ਹੈ।
ਨਵੰਬਰ 2025 ਵਿਚ ਅਮਰੀਕੀ ਇਮੀਗ੍ਰੇਸ਼ਨ ਸੇਵਾ, ਯੂ.ਐੱਸ.ਸੀ.ਆਈ.ਐੱਸ. ਨੇ ਬਾਇਡਨ ਸਰਕਾਰ ਵੇਲੇ ਆਏ ਸ਼ਰਨਾਰਥੀਆਂ ਦੀਆਂ ਗ੍ਰੀਨ ਕਾਰਡ ਅਰਜ਼ੀਆਂ ਦੀ ਕਾਰਵਾਈ ਰੋਕਣ ਅਤੇ ਉਨ੍ਹਾਂ ਦੀ ਮੁੜ ਜਾਂਚ ਤੇ ਇੰਟਰਵਿਊ ਕਰਨ ਦਾ ਹੁਕਮ ਦਿੱਤਾ ਸੀ। ਖ਼ਬਰ ਮੁਤਾਬਕ ਅਜਿਹੀਆਂ ਲਗਭਗ 1 ਲੱਖ 13 ਹਜ਼ਾਰ ਅਰਜ਼ੀਆਂ ਲੰਬਿਤ ਹਨ।
ਇੱਕ ਹੋਰ ਨਿਯਮ ਤਹਿਤ, ਜੇ ਸਰਕਾਰ ਕਿਸੇ ਸ਼ਰਨਾਰਥੀ ਦਾ ਕਾਨੂੰਨੀ ਦਰਜਾ ਖ਼ਤਮ ਕਰਨ ਦਾ ਫ਼ੈਸਲਾ ਕਰੇ, ਤਾਂ ਉਸ ਫ਼ੈਸਲੇ ਨੂੰ ਚੁਣੌਤੀ ਦੇਣ ਲਈ ਦਿੱਤਾ ਸਮਾਂ 30 ਦਿਨਾਂ ਤੋਂ ਘਟਾ ਕੇ 10 ਦਿਨ ਕੀਤਾ ਗਿਆ। ਜੱਜ ਨੇ ਸਵਾਲ ਕੀਤਾ ਕਿ ਇੰਨੇ ਘੱਟ ਸਮੇਂ ਵਿਚ ਕੋਈ ਵਿਅਕਤੀ ਆਪਣੇ ਬਚਾਅ ਲਈ ਕਾਗਜ਼ਾਤ ਅਤੇ ਸਬੂਤ ਕਿਵੇਂ ਇਕੱਠੇ ਕਰੇਗਾ। ਅਦਾਲਤ ਨੇ ਇਸ 10 ਦਿਨਾਂ ਵਾਲੇ ਨਿਯਮ ਨੂੰ ਅਸਥਾਈ ਤੌਰ ‘ਤੇ ਰੋਕਿਆ ਹੋਇਆ ਹੈ। ਵਕੀਲਾਂ ਦਾ ਕਹਿਣਾ ਹੈ ਕਿ ਇਹ ਨਿਯਮ ਲਗਭਗ 1 ਲੱਖ 86 ਹਜ਼ਾਰ ਸ਼ਰਨਾਰਥੀਆਂ ਦੇ ਮਾਮਲਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸਰਕਾਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਮੁੜ ਜਾਂਚ ਨਾਲ ਦੇਸ਼ ਦੀ ਸੁਰੱਖਿਆ ਯਕੀਨੀ ਬਣੇਗੀ ਅਤੇ ਜਿਨ੍ਹਾਂ ਲੋਕਾਂ ਨੂੰ ਸ਼ਰਨਾਰਥੀ ਦਰਜਾ ਨਹੀਂ ਮਿਲਣਾ ਚਾਹੀਦਾ, ਉਨ੍ਹਾਂ ਖ਼ਿਲਾਫ਼ ਤੇਜ਼ੀ ਨਾਲ ਕਾਰਵਾਈ ਹੋ ਸਕੇਗੀ। ਸ਼ਰਨਾਰਥੀਆਂ ਵੱਲੋਂ ਪੇਸ਼ ਵਕੀਲਾਂ ਨੇ ਕਿਹਾ ਕਿ ਇਹ ਕਦਮ ਕਾਨੂੰਨ ਦੇ ਅਧਿਕਾਰ ਤੋਂ ਬਾਹਰ ਹਨ ਅਤੇ ਲੋਕਾਂ ਨੂੰ ਖ਼ਤਰੇ ਵਿਚ ਪਾ ਸਕਦੇ ਹਨ।
ਜੱਜ ਨੇ ਅਜੇ ਅੰਤਿਮ ਫ਼ੈਸਲਾ ਨਹੀਂ ਦਿੱਤਾ। ਸੁਣਵਾਈ ਵਿਚ ਉਨ੍ਹਾਂ ਦੇ ਸਵਾਲਾਂ ਤੋਂ ਲੱਗਦਾ ਹੈ ਕਿ ਉਹ ਗ੍ਰੀਨ ਕਾਰਡ ਅਰਜ਼ੀਆਂ ਰੋਕਣ ਵਾਲੀ ਨੀਤੀ ਦੀ ਕਾਨੂੰਨੀਤਾ ‘ਤੇ ਵਿਚਾਰ ਕਰ ਰਹੇ ਹਨ।