#INDIA

ਸਵਾਤੀ ਮਾਲੀਵਾਲ ਵੱਲੋਂ ਕੇਜਰੀਵਾਲ ਦੇ ਨਿੱਜੀ ਅਮਲੇ ਦੇ ਮੈਂਬਰ ‘ਤੇ ਦੁਰਵਿਵਹਾਰ ਦੇ ਦੋਸ਼

ਨਵੀਂ ਦਿੱਲੀ, 13 ਮਈ (ਪੰਜਾਬ ਮੇਲ)- ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਟਾਫ਼ ਦੇ ਮੈਂਬਰ ‘ਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ। ਮਾਲੀਵਾਲ ਨੇ ਅੱਜ ਸਿਵਲ ਲਾਈਨ ਥਾਣੇ ਪਹੁੰਚ ਕੇ ਇਹ ਦੋਸ਼ ਲਾਇਆ। ਪੁਲਿਸ ਨੂੰ ਇਸ ਮਾਮਲੇ ਵਿਚ ਹਾਲੇ ਤੱਕ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਝਗੜੇ ਤੋਂ ਬਾਅਦ ਮਾਲੀਵਾਲ ਨੇ ਪੀ.ਸੀ.ਆਰ. ਨੂੰ ਫੋਨ ਕੀਤਾ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਦੋ ਫੋਨ ਆਏ ਸਨ। ਇਸ ਤੋਂ ਬਾਅਦ ਸਿਵਲ ਲਾਈਨ ਥਾਣੇ ਦੀ ਟੀਮ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪਹੁੰਚੀ। ਮੁੱਖ ਮੰਤਰੀ ਨਿਵਾਸ ਜਾਂ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ।