#PUNJAB

ਸਰਬੱਤ ਦਾ ਭਲਾ ਟਰੱਸਟ ਵੱਲੋਂ ਰਾਜਪੁਰਾ ਵਿਖੇ ਕੀਤਾ ਗਿਆ ਸੰਨੀ ਓਬਰਾਏ ਕਲੀਨੀਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ

ਦਸੰਬਰ ਮਹੀਨੇ ਤੱਕ ਮਿੱਥਿਆ ਗਿਆ ਹੈ 100 ਲੈਬੋਰੇਟਰੀਆਂ ਖੋਲ੍ਹਣ ਦਾ ਟੀਚਾ : ਡਾ. ਓਬਰਾਏ

ਰਾਜਪੁਰਾ,  24 ਨਵੰਬਰ (ਪੰਜਾਬ ਮੇਲ)-   ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ, ਨੀਲਪੁਰ, ਰਾਜਪੁਰਾ ਵਿਖੇ ਖੋਲੀ ਗਈ ਹੈ ਜਿਸ ਦਾ ਉਦਘਾਟਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਅਤੇ ਸ. ਕੇ.ਐਸ. ਪੰਨੂ (ਰਿਟਾ. ਆਈ.ਏ.ਐਸ.) ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।
ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ. ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਨੂੰ ਬਹੁਤ ਹੀ ਘੱਟ ਰੇਟਾਂ ਉੱਤੇ ਕਲੀਨਿਕਲ ਟੈਸਟ ਮੁਹੱਈਆ ਕਰਵਾਉਣ ਲਈ ਮੈਡੀਕਲ ਸਕੀਮਾਂ ਚੱਲ ਰਹੀਆਂ ਹਨ, ਉਸੇ ਅਧੀਨ ਹੀ ਅੱਜ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਵਿਖੇ ਆਧੁਨਿਕ ਮਸ਼ੀਨਾਂ ਲਗਾ ਕੇ ਲੈਬਰੋਟੇਰੀ ਖੋਲੀ ਗਈ ਹੈ। ਹੁਣ ਤੱਕ ਟਰੱਸਟ ਵੱਲੋਂ 90 ਦੇ ਲਗਭਗ ਸੰਨੀ ਓਬਰਾਏ ਕਲੀਨਿਕਲ ਲੈਬੋਰੇਟਰੀਆਂ ਖੋਲ੍ਹੀਆਂ ਗਈਆਂ ਹਨ ਤਾਂ ਕਿ ਜਰੂਰਤਮੰਦ ਲੋਕ ਇਨ੍ਹਾਂ ਤੋਂ ਫਾਇਦਾ ਲੈ ਸਕਣ।  ਆਉਣ ਵਾਲੇ ਦਸੰਬਰ ਮਹੀਨੇ ਤੱਕ ਟਰੱਸਟ ਵੱਲੋਂ 100 ਲੈਬੋਰੇਟਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ ਜਿਸਨੂੰ ਅਸੀਂ ਪੂਰਾ ਕਰ ਲਵਾਂਗੇ। ਡਾ. ਓਬਰਾਏ ਨੇ ਦੱਸਿਆ ਕਿ ਕਲੀਨਿਕਲ ਲੈਬੋਰੇਟਰੀਆਂ ਦੇ ਨਾਲ ਜਿੱਥੇ ਸਾਨੂੰ ਵਾਧੂ ਜਗ੍ਹਾ ਮਿਲ ਰਹੀ ਹੈ ਉੱਥੇ ਟਰੱਸਟ ਵੱਲੋਂ ਡਿਜ਼ੀਟਲ ਐਕਸਰੇ, ਅਲਟਰਾ ਸਾਊਂਡ, ਫਿਜ਼ੀਓਥੈਰੇਪੀ ਸੈਂਟਰ, ਡੈਂਟਲ ਸੈਂਟਰ ਆਦਿ ਵੀ ਖੋਲ੍ਹੇ ਜਾ ਰਹੇ ਹਨ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਵੱਧ ਤੋਂ ਵੱਧ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਇਸ ਮੌਕੇ ਬੋਲਦਿਆਂ ਕੇ.ਐਸ. ਪੰਨੂ (ਰਿਟਾ. ਆਈ.ਏ.ਐਸ.) ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਓਬਰਾਏ ਲੰਬੇ ਸਮੇਂ ਤੋਂ ਲੋਕਾਈ ਦੀ ਸੇਵਾ ਕਰ ਰਹੇ ਹਨ, ਉਸੇ ਅਧੀਨ ਹੀ ਅੱਜ ਲੋਕਾਂ ਨੂੰ ਬਹੁਤ ਹੀ ਘੱਟ ਦਰਾਂ ‘ਤੇ ਕਲੀਨਿਕਲ ਟੈਸਟ ਮੁਹੱਈਆ ਕਰਵਾਉਣ ਲਈ ਸੰਨੀ ਓਬਰਾਏ ਕਲੀਨਿਕਲ ਲੈਬ ਨੂੰ ਖੋਲ੍ਹਿਆ ਗਿਆ ਹੈ  ਤਾਂ ਕਿ ਲੋਕ ਇੱਥੋਂ ਟੈਸਟ ਕਰਵਾ ਕੇ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ। ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਇਸ ਲੈਬੋਰੇਟਰੀ ਤੋਂ ਲਾਭ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਡਾ. ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਪ੍ਰਧਾਨ, ਧਿਆਨ ਸਿੰਘ ਪੰਨੂ, ਅਮਰੀਕ ਸਿੰਘ ਆਦਿ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸਨ।