ਸ੍ਰੀ ਮੁਕਤਸਰ ਸਾਹਿਬ, 7 ਮਈ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਫੱਤਣਵਾਲਾ ਵਿਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੱਚਿਆਂ ਨੂੰ ਸਾਫ਼ ਪਾਣੀ ਦੇਣ ਲਈ ਮੁਫ਼ਤ ਆਰ.ਓ. ਸਿਸਟਮ ਲਗਾਇਆ ਗਿਆ ਸੀ, ਜਿਸ ਦਾ ਉਦਘਾਟਨ ਸ. ਜਗਜੀਤ ਸਿੰਘ ਹਨੀ ਬਰਾੜ ਫੱਤਣਵਾਲਾ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ ਅਤੇ ਡਾਕਟਰ ਐੱਸ.ਪੀ. ਸਿੰਘ ਉਬਰਾਏ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਟਰੱਸਟ ਵੱਲੋਂ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਵੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਕਿ ਮਾਲਵਾ ਖੇਤਰ ਦਾ ਪਾਣੀ ਬਹੁਤ ਹੀ ਮਾੜਾ ਹੈ, ਲੋਕ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਕੂਲ ਸਟਾਫ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਨੂੰ ਸਕੂਲ ਵਿਚ ਆਰ.ਓ. ਸਿਸਟਮ ਲਗਾਉਣ ਲਈ ਬੇਨਤੀ ਪੱਤਰ ਦਿੱਤਾ ਗਿਆ ਸੀ, ਤਾਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਤੁਰੰਤ ਪ੍ਰਵਾਨ ਕਰਕੇ ਆਰ.ਓ. ਸਿਸਟਮ ਭੇਜਿਆ ਗਿਆ ਸੀ। ਜਸਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਬਰਨੇਕ ਸਿੰਘ ਰਿਟਾਇਰਡ ਲੈਕਚਰਾਰ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 105 ਮੁਫ਼ਤ ਆਰ.ਓ. ਸਿਸਟਮ ਸਰਕਾਰੀ ਸਕੂਲਾਂ ਅਤੇ ਹੋਰ ਜਨਤਕ ਥਾਵਾਂ ‘ਤੇ ਲਗਾਏ ਜਾ ਚੁੱਕੇ ਹਨ। ਚਰਨਜੀਤ ਸਿੰਘ ਅਤੇ ਪਰਮਜੀਤ ਕੌਰ ਬਰਾੜ ਨੇ ਦੱਸਿਆ ਕਿ ਇਸ ਰਾਸ਼ੀ ਡਾਕਟਰ ਓਬਰਾਏ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ। ਟਰੱਸਟ ਦੀ ਕੋਈ ਵੀ ਰਸੀਦ ਬੁੱਕ ਨਹੀਂ ਹੈ। ਇਸ ਉਪਰੰਤ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ, ਪਿੰਡ ਫੱਤਣਵਾਲਾ ਦੇ ਨਗਰ ਨਿਵਾਸੀ, ਅੰਗਰੇਜ਼ ਸਿੰਘ ਬੂੜਾ ਗੁੱਜਰ, ਜਸਪਾਲ ਸਿੰਘ ਬੂੜਾ ਗੁੱਜਰ ਆਦਿ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਕੂਲ ‘ਚ ਲਗਾਏ ਮੁਫ਼ਤ ਆਰ.ਓ. ਸਿਸਟਮ ਦਾ ਉਦਘਾਟਨ
