ਸ੍ਰੀ ਮੁਕਤਸਰ ਸਾਹਿਬ, 29 ਅਕਤੂਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਸ. ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ‘ਚ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆਂ 37 ਅੰਗਹੀਣ ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਸ਼ਮਿੰਦਰ ਜੀਤ ਸਿੰਘ ਲੱਖੇਵਾਲੀ ਵੀ ਇਸ ਸਮਾਗਮ ਵਿਚ ਪਹੁੰਚੇ ਹੋਏ ਸਨ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਨ੍ਹਾਂ 37 ਅੰਗਹੀਣ ਵਿਅਕਤੀਆਂ ਨੂੰ ਡਾਕਟਰ ਓਬਰਾਏ ਵਲੋਂ ਭੇਜੀ ਗਈ ਰਾਸ਼ੀ ਸਪੈਸ਼ਲ ਦੀਵਾਲੀ ਦੇ ਤਿਉਹਾਰ ‘ਤੇ ਦਿੱਤੀ ਗਈ ਹੈ, ਤਾਂ ਜੋ ਇਹ ਲੋਕ ਤਿਉਹਾਰ ਨੂੰ ਆਪਣੇ ਪਰਿਵਾਰ ਨਾਲ ਵਧੀਆ ਢੰਗ ਨਾਲ ਮਨਾ ਸਕਣ। ਸਹਾਇਤਾ ਰਾਸ਼ੀ ਲੈਣ ਉਪਰੰਤ ਇਨ੍ਹਾਂ ਵਿਅਕਤੀਆਂ ਨੇ ਡਾਕਟਰ ਓਬਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾ. ਓਬਰਾਏ ਦੇ ਇਸ ਉਪਰਾਲੇ ਨਾਲ ਸਾਡੀ ਵੀ ਦੀਵਾਲੀ ਰੁਸ਼ਨਾਵੇਗੀ ਅਤੇ ਇਸ ਤੋਂ ਪਹਿਲਾਂ ਵੀ ਡਾ. ਓਬਰਾਏ ਸਾਡੀ ਲਾਠੀ ਬਣਕੇ ਸਾਡੇ ਨਾਲ ਖੜ੍ਹਦੇ ਹਨ ਕਿਉਂਕਿ ਇਨ੍ਹਾਂ ਹਾਲਤਾਂ ਵਿਚ ਸਾਡੇ ਆਪਣੇ ਵੀ ਮੁੱਖ ਮੋੜ ਲੈਂਦੇ ਹਨ। ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ ਸਕੱਤਰ, ਗੁਰਪਾਲ ਸਿੰਘ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ ਮੀਤ ਪ੍ਰਧਾਨ, ਬਲਜੀਤ ਸਿੰਘ ਮਾਨ ਰਿਟਾਇਰਡ ਪ੍ਰਿੰਸੀਪਲ, ਸੋਮਨਾਥ, ਮਾਸਟਰ ਰਜਿੰਦਰ ਸਿੰਘ, ਗੁਰਚਰਨ ਸਿੰਘ ਆਸਟ੍ਰੇਲੀਆ ਵਾਲੇ, ਬਰਨੇਕ ਸਿੰਘ, ਗੁਰਜੀਤ ਸਿੰਘ ਜੀਤਾ ਜਸਬੀਰ ਰਿਟਾ. ਏ.ਐੱਸ.ਆਈ. ਆਦਿ ਹਾਜ਼ਰ ਸਨ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਦੀਵਾਲੀ ਦੇ ਮੱਦੇਨਜ਼ਰ 37 ਅੰਗਹੀਣ ਵਿਅਕਤੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ
