#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਓਬਰਾਏ ਦੇ 69ਵੇਂ Birthday ‘ਤੇ ਪਿੰਡਾਂ ਵਿਚ ਖੋਲ੍ਹੀਆਂ ਲਾਇਬ੍ਰੇਰੀਆਂ

ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਪੰਜਾਬ ਮੇਲ)- ਸੇਵੀਅਰ ਸਿੰਘ, ਬਿਨਾਂ ਕਿਸੇ ਤੋਂ ਕੋਈ ਪੈਸਾ ਲਿਆ, ਬਿਨਾਂ ਕਿਸੇ ਵੀ ਭੇਦਭਾਵ ਤੋਂ ਮਨੁੱਖਤਾ ਦੀ ਸੇਵਾ ਵਿਚ ਲੱਗੇ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ 69ਵਾਂ ਜਨਮਦਿਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪਿੰਡ ਗੁਲਾਬੇ ਵਾਲਾ ਅਤੇ ਗੁਰਦੁਆਰਾ ਸਾਹਿਬ ਪਿੰਡ ਮਾਂਗਟ ਕੇਰ ਵਿਚ ਲੋਕਾਂ ਨੂੰ ਗਿਆਨ ਦਾ ਪ੍ਰਕਾਸ਼ ਕਰਵਾਉਣ ਲਈ ਮੁਫ਼ਤ ਲਾਇਬ੍ਰੇਰੀਆਂ ਖੋਲ੍ਹ ਕੇ ਮਨਾਇਆ ਗਿਆ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਨ੍ਹਾਂ ਲਾਇਬ੍ਰੇਰੀਆਂ ਵਿਚ ਧਾਰਮਿਕ, ਸਮਾਜਿਕ, ਇਤਿਹਾਸਕ, ਰਾਜਨੀਤਿਕ ਅਤੇ ਹੋਰ ਕਈ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮੁਫ਼ਤ ਭੇਜੀਆਂ ਗਈਆਂ ਹਨ, ਤਾਂ ਜੋ ਨੌਜਵਾਨ ਪੀੜ੍ਹੀ ਇਨ੍ਹਾਂ ਨੂੰ ਪੜ੍ਹਨ ਉਪਰੰਤ ਚੰਗੇ ਇਨਸਾਨ ਬਨਣ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅਰਦਾਸ ਕੀਤੀ ਗਈ ਅਤੇ ਹੁਕਮਨਾਮੇ ਲੈਣ ਉਪਰੰਤ ਇਹ ਲਾਇਬ੍ਰੇਰੀਆਂ ਡਾਕਟਰ ਓਬਰਾਏ ਦੇ ਜਨਮਦਿਨ ‘ਤੇ ਪਿੰਡਾਂ ਵਾਸੀਆਂ ਨੂੰ ਸਮਰਪਿਤ ਕੀਤੀਆਂ ਗਈਆਂ। ਦੋਹਾਂ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਡਾਕਟਰ ਓਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਪੰਚਾਇਤਾਂ ਵੱਲੋਂ ਵੀ ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਬਲਵਿੰਦਰ ਸਿੰਘ ਬਰਾੜ ਰਿਟਾਇਰਡ ਪ੍ਰਿੰਸੀਪਲ, ਚਰਨਜੀਤ ਸਿੰਘ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ, ਸੁਖਬੀਰ ਸਿੰਘਾਂ ਜੈਲਦਾਰ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ., ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪਿੰਡ ਵਾਸੀ ਹਾਜ਼ਰ ਸਨ।