#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੰਗਹੀਣ ਵਿਅਕਤੀਆਂ ਨੂੰ ਦਿੱਤੀ ਸਹਾਇਤਾ ਰਾਸ਼ੀ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਉਬਰਾਏ ਵਲੋਂ ਬਿਨਾਂ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਮਾਨਵਤਾ ਦੀ ਭਲਾਈ ਦੇ ਕੰਮ ਨਿਰਵਿਘਨ ਜਾਰੀ ਹਨ। ਇਸ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਚ 15 ਅੰਗਹੀਣ ਵਿਅਕਤੀਆਂ ਨੂੰ ਜੱਸਾ ਸਿੰਘ ਸੰਧੂ ਕੌਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮਹੰਤ ਕਸ਼ਮੀਰ ਸਿੰਘ ਦੀ ਹਾਜ਼ਰੀ ਵਿਚ ਸਹਾਇਤਾ ਰਾਸ਼ੀ ਦਿੱਤੀ ਗਈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਅੰਗਹੀਣ ਵਿਅਕਤੀ ਆਪਣੇ ਆਪ ਨੂੰ ਊਨਾ ਸਮਝਦੇ ਹਨ ਕਿਉਂਕਿ ਇਹ ਕੰਮ ਕਰਨ ਤੋਂ ਅਸਮਰਥ ਹੁੰਦੇ ਹਨ ਅਤੇ ਪਰਿਵਾਰਕ ਮੈਂਬਰ ਵੀ ਅਕਸਰ ਹੀ ਇਨ੍ਹਾਂ ਤੋਂ ਮੂੰਹ ਮੋੜ ਲੈਂਦੇ ਹਨ। ਅਜਿਹੀ ਸਥਿਤੀ ਵਿਚ ਇਹ ਲੋਕ ਅਕਸਰ ਹੀ ਹੀਣ-ਭਾਵਨਾ ਦਾ ਸ਼ਿਕਾਰ ਹੋ ਜਾਂਦੇ ਹਨ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸਾਡੀ ਟੀਮ ਕੋਲ ਅਜਿਹੇ ਕੇਸ ਆਉਣ ਉਪਰੰਤ ਡਾਕਟਰ ਉਬਰਾਏ ਕੋਲ ਭੇਜੇ ਜਾਂਦੇ ਹਨ। ਪਰ ਜਿੱਥੇ ਗੱਲ ਅੰਗਹੀਣ ਵਿਅਕਤੀਆਂ ਦੀ ਆਉਂਦੀ ਹੈ, ਉਥੇ ਉਬਰਾਏ ਵੱਲੋਂ ਡੱਟ ਕੇ ਬਾਂਹ ਫੜੀ ਜਾਂਦੀ ਹੈ। ਸਹਾਇਤਾ ਰਾਸ਼ੀ ਲੈਣ ਉਪਰੰਤ ਇਨ੍ਹਾਂ ਨੇ ਕਿਹਾ ਡਾ. ਉਬਰਾਏ ਸਾਡੀ ਲਾਠੀ ਬਣਕੇ ਸਾਡੇ ਨਾਲ ਖੜ੍ਹੇ ਹਨ ਅਤੇ ਇਨ੍ਹਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਮਾਲਵਾ ਜੋਨ ਨੇ ਦੱਸਿਆ ਕਿ ਇਹ ਰਾਸ਼ੀ ਡਾ. ਉਬਰਾਏ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਦਿੱਤੀ ਜਾਂਦੀ ਹੈ। ਟਰੱਸਟ ਦੀ ਕੋਈ ਵੀ ਰਸੀਦਬੁੱਕ ਨਹੀਂ ਹੈ। ਇਸ ਮੌਕੇ ਬਲਵਿੰਦਰ ਸਿੰਘ ਬਰਾੜ, ਗੁਰਜੀਤ ਸਿੰਘ ਜੀਤਾ, ਅਸ਼ੋਕ ਕੁਮਾਰ ਅਤੇ ਟਰੱਸਟ ਦੀ ਸ੍ਰੀ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਹਾਜ਼ਰ ਸਨ।