#PUNJAB

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵਿਦਿਆਰਥੀਆਂ ਦੇ ਬਲੱਡ ਗਰੁੱਪ ਚੈੱਕ ਕਰਨ ਲਈ ਮੁਫ਼ਤ ਕੈਂਪ

ਸ੍ਰੀ ਮੁਕਤਸਰ ਸਾਹਿਬ, 17 ਅਗਸਤ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਵੱਡੀ ਪੱਧਰ ‘ਤੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਬਲੱਡ ਗਰੁੱਪ ਚੈੱਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦਾ ਬਲੱਡ ਗਰੁੱਪ ਚੈੱਕ ਕਰਕੇ ਸਰਕਾਰੀ ਹਦਾਇਤਾਂ ਮੁਤਾਬਿਕ ਰਿਕਾਰਡ ਬਣ ਸਕੇ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਮੁਤਾਬਿਕ ਬੱਚਿਆਂ ਦੇ ਬਲੱਡ ਗਰੁੱਪ ਰਿਕਾਰਡ ਵਿਚ ਦਰਜ ਹੋਣੇ ਹਨ ਪਰ ਵੱਡੇ ਪੱਧਰ ‘ਤੇ ਵਿਦਿਆਰਥੀ ਆਪਣੀ ਆਰਥਿਕ ਹਾਲਤ ਦਾ ਹਵਾਲਾ ਦੇ ਕੇ ਬਲੱਡ ਗਰੁੱਪ ਚੈੱਕ ਨਹੀਂ ਕਰਵਾ ਰਹੇ, ਜਦੋਂ ਇਕ ਮਾਮਲਾ ਡਾਕਟਰ ਐੱਸ.ਪੀ. ਸਿੰਘ ਓਬਰਾਏ ਦੇ ਧਿਆਨ ਵਿਚ ਆਇਆ, ਤਾਂ ਉਨ੍ਹਾਂ ਨੇ ਸੰਨੀ ਓਬਰਾਏ ਕਲੀਨਿਕਲ ਲੈਬਾਂ ਰਾਹੀਂ ਸਾਰੇ ਵਿਦਿਆਰਥੀਆਂ ਦੇ ਬਲੱਡ ਗਰੁੱਪ ਮੁਫ਼ਤ ਚੈੱਕ ਕਰਨ ਦਾ ਐਲਾਨ ਕੀਤਾ ਅਤੇ ਪਿਛਲੇ ਲੰਮੇ ਸਮੇਂ ਤੋਂ ਇਹ ਕਾਰਵਾਈ ਜਾਰੀ ਹੈ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਇਸ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਮਕੋਟ ਵਿਚ ਬਲੱਡ ਗਰੁੱਪ ਚੈੱਕ ਕਰਨ ਦਾ ਮੁਫ਼ਤ ਕੈਂਪ ਲਗਾ ਕੇ ਵਿਦਿਆਰਥੀਆਂ ਦੇ ਬਲੱਡ ਗਰੁੱਪ ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਥਾਦੇ ਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਦੁਆਰਾ ਚੈੱਕ ਕੀਤੇ ਗਏ। ਇਸ ਸਕੂਲ ਦੇ ਮੁਖੀ ਗੋਪਾਲ ਸਿੰਘ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਡਾਕਟਰ ਓਬਰਾਏ ਦੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਗਿਆ। ਵਿਸ਼ੇਸ਼ ਤੌਰ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਰਪੰਚ ਵਿਸਾਖਾ ਸਿੰਘ ਵੱਲੋਂ ਡਾ. ਓਬਰਾਏ ਦਾ ਸਮੁੱਚੀ ਪੰਚਾਇਤ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਰਿਟਾ. ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਰਿਟਾ. ਬੈਂਕ ਮੈਨੇਜਰ ਮੀਤ ਪ੍ਰਧਾਨ, ਗੁਰਪਾਲ ਸਿੰਘ ਪਾਲੀ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ., ਰਵਿੰਦਰ ਸਿੰਘ ਸੀਨੀਅਰ ਆਪ ਆਗੂ, ਜਸਕਰਨ ਸਿੰਘ ਪੰਚ, ਜਗਰਾਜ ਸਿੰਘ ਪੰਚ, ਗੁਰਦੇਵ ਸਿੰਘ ਪੰਚ, ਗੁਰਵਿੰਦਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ ਅਤੇ ਪਿੰਡ ਵਾਸੀ, ਰਵਿੰਦਰ ਪਾਲ ਸਿੰਘ ਲੈਕਚਰਾਰ ਅਤੇ ਸਕੂਲ ਦੇ ਅਧਿਆਪਕ ਹਾਜ਼ਰ ਸਨ।