#INDIA

ਸਭ ਤੋਂ ਵੱਧ ਮਿਲਟਰੀ ਖ਼ਰਚਾ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ

-2023 ‘ਚ 83.6 ਅਰਬ ਡਾਲਰ ਦੇ ਖਰਚੇ ਨਾਲ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਵਿਸ਼ਵ ਪੱਧਰ ਦਾ ਚੌਥਾ ਵੱਡਾ ਦੇਸ਼
ਨਵੀਂ ਦਿੱਲੀ, 24 ਅਪ੍ਰੈਲ (ਪੰਜਾਬ ਮੇਲ)- ਭਾਰਤ 2023 ‘ਚ 83.6 ਅਰਬ ਡਾਲਰ ਦੇ ਖਰਚੇ ਨਾਲ ਅਮਰੀਕਾ, ਚੀਨ ਅਤੇ ਰੂਸ ਤੋਂ ਬਾਅਦ ਵਿਸ਼ਵ ਪੱਧਰ ‘ਤੇ ਚੌਥਾ ਸਭ ਤੋਂ ਵੱਡਾ ਮਿਲਟਰੀ ਖ਼ਰਚਾ ਕਰਨ ਵਾਲਾ ਦੇਸ਼ ਸੀ। ਇਕ ਸੁਤੰਤਰ ਅੰਤਰਰਾਸ਼ਟਰੀ ਸੰਸਥਾਨ ਨੇ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਹੈ।
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (ਐੱਸ.ਆਈ.ਪੀ.ਆਰ.ਆਈ.) ਨੇ ਆਪਣੀ ਵੈੱਬਸਾਈਟ ‘ਤੇ ਆਪਣੀ ਰਿਪੋਰਟ ਇਸ ਮਹੀਨੇ ਸਾਂਝੀ ਕੀਤੀ ਅਤੇ ਕਿਹਾ ਕਿ ਪਿਛਲੇ ਸਾਲ ਗਲੋਬਲ ਮਿਲਟਰੀ ਖਰਚਿਆਂ ‘ਚ ‘ਵਾਧੇ’ ਲਈ ਮੁੱਖ ਤੌਰ ‘ਤੇ ਯੂਕਰੇਨ ‘ਚ ਚੱਲ ਰਹੀ ਜੰਗ ਅਤੇ ਏਸ਼ੀਆ ਤੇ ਓਸ਼ੀਨੀਆ ਅਤੇ ਪੱਛਮ ਏਸ਼ੀਆ ‘ਚ ਵਧਦੇ ‘ਭੂ-ਸਿਆਸੀ ਤਣਾਅ’ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਰਿਪੋਰਟ ਮੁਤਾਬਕ, ”ਗਲੋਬਲ ਮਿਲਟਰੀ ਖਰਚਾ 2023 ‘ਚ ਲਗਾਤਾਰ ਨੌਵੇਂ ਸਾਲ ਵਧ ਕੇ ਕੁੱਲ 2443 ਅਰਬ ਡਾਲਰ ਤੱਕ ਪਹੁੰਚ ਗਿਆ। 2023 ‘ਚ 6.8 ਫੀਸਦੀ ਵਾਧਾ 2009 ਤੋਂ ਬਾਅਦ ਸਾਲਾਨਾ ਆਧਾਰ ‘ਤੇ ਸਭ ਤੋਂ ਤੇਜ਼ ਵਾਧਾ ਸੀ ਅਤੇ ਇਸ ਨੇ ਗਲੋਬਲ ਖਰਚਿਆਂ ਨੂੰ ਐੱਸ.ਆਈ.ਪੀ.ਆਰ.ਆਈ. ਵੱਲੋਂ ਹੁਣ ਤੱਕ ਦਰਜ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਾ ਦਿੱਤਾ।”