ਟੋਰਾਂਟੋ, 1 ਜੁਲਾਈ (ਪੰਜਾਬ ਮੇਲ)- ਕੈਨੇਡਾ ‘ਚ ਸਟੱਡੀ ਵੀਜ਼ਾ ‘ਤੇ ਪੜ੍ਹਾਈ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਪਹੁੰਚਣ ਉਪਰੰਤ ਵਿਦਿਆਰਥੀਆਂ ਦੀ ਐਂਟਰੀ ਸਿੱਧੀ ਨਹੀਂ ਹੁੰਦੀ, ਸਗੋਂ ਉਨ੍ਹਾਂ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਦੇ ਇਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਲਏ ਜਾਣ ਵਾਲੇ ਇੱਕ ਵਿਸ਼ੇਸ਼ ਇੰਟਰਵਿਊ ਵਿਚੋਂ ਗੁਜ਼ਰਨਾ ਪੈਂਦਾ ਹੈ। ਇਸ ਜਾਂਚ ਪ੍ਰਕਿਰਿਆ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਵਿਦਿਆਰਥੀ ਸੱਚਮੁੱਚ ਪੜ੍ਹਾਈ ਦੇ ਉਦੇਸ਼ ਨਾਲ ਹੀ ਦੇਸ਼ ਵਿਚ ਆਇਆ ਹੈ ਅਤੇ ਉਸ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਮੌਜੂਦ ਹਨ।
ਇਸ ਇੰਟਰਵਿਊ ਰਾਹੀਂ ਅਧਿਕਾਰੀ ਇਹ ਜਾਂਚਦੇ ਹਨ ਕਿ ਵਿਦਿਆਰਥੀ ਕੋਲ ”ਟੈਂਪਰੇਰੀ ਰੈਜ਼ੀਡੈਂਟ ਇੰਟੈਂਟ” ਹੈ ਜਾਂ ਨਹੀਂ। ਇਸਦਾ ਮਤਲਬ ਇਹ ਹੈ ਕਿ ਵਿਦਿਆਰਥੀ ਇਹ ਸਮਝਦਾ ਹੈ ਕਿ ਉਹ ਇੱਕ ਨਿਸ਼ਚਿਤ ਸਮੇਂ ਲਈ ਹੀ ਕੈਨੇਡਾ ਆਇਆ ਹੈ ਅਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸਨੂੰ ਦੇਸ਼ ਛੱਡਣਾ ਪਵੇਗਾ ਜਾਂ ਨਿਯਮਾਂ ਅਨੁਸਾਰ ਅਗਲੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।
ਇੰਟਰਵਿਊ ਦੌਰਾਨ ਵਿਦਿਆਰਥੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਸਵਾਲ ਕੀਤੇ ਜਾ ਸਕਦੇ ਹਨ, ਜਿਵੇਂਕਿ:
ਯਾਤਰਾ ਦਾ ਉਦੇਸ਼ ਕੀ ਹੈ, ਤੁਸੀਂ ਕੈਨੇਡਾ ਕਿਉਂ ਆਏ ਹੋ, ਕਿੰਨਾ ਸਮਾਂ ਰੁਕੋਗੇ ਅਤੇ ਕਿੱਥੇ ਰਹੋਗੇ? ਪੜ੍ਹਾਈ ਨਾਲ ਸਬੰਧਤ ਕਿਹੜਾ ਕੋਰਸ ਚੁਣਿਆ ਹੈ, ਕਿਸ ਕਾਲਜ ਜਾਂ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ ਹੈ ਅਤੇ ਇਹ ਕੋਰਸ ਤੁਹਾਡੀ ਪਿਛਲੀ ਪੜ੍ਹਾਈ ਨਾਲ ਕਿਵੇਂ ਜੁੜਿਆ ਹੈ? ਪੜ੍ਹਾਈ ਦਾ ਖ਼ਰਚਾ ਕੌਣ ਉਠਾ ਰਿਹਾ ਹੈ ਅਤੇ ਤੁਹਾਡੇ ਕੋਲ ਕਿੰਨੇ ਪੈਸੇ ਹਨ? ਪੜ੍ਹਾਈ ਤੋਂ ਬਾਅਦ ਤੁਹਾਡੀ ਕੀ ਯੋਜਨਾ ਹੈ ਅਤੇ ਕੀ ਤੁਹਾਡਾ ਕੋਈ ਪਰਿਵਾਰਕ ਮੈਂਬਰ ਕੈਨੇਡਾ ‘ਚ ਪਹਿਲਾਂ ਤੋਂ ਮੌਜੂਦ ਹੈ?
ਅਧਿਕਾਰੀਆਂ ਅਨੁਸਾਰ ਏਅਰਪੋਰਟ ‘ਤੇ ਹਮੇਸ਼ਾ ਸੱਚ ਅਤੇ ਸਪੱਸ਼ਟ ਜਵਾਬ ਦੇਣੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਦੇਣਾ ਜਾਂ ਤੱਥਾਂ ਨੂੰ ਛੁਪਾਉਣਾ ਗੰਭੀਰ ਮਾਮਲਾ ਮੰਨਿਆ ਜਾਂਦਾ ਹੈ, ਜਿਸ ਕਾਰਨ ਵਿਦਿਆਰਥੀ ਦਾ ਵੀਜ਼ਾ ਜਾਂ ਕੈਨੇਡਾ ਵਿਚ ਐਂਟਰੀ ਪ੍ਰਭਾਵਿਤ ਹੋ ਸਕਦੀ ਹੈ। ਇੰਟਰਵਿਊ ਤੋਂ ਬਾਅਦ ਜਦੋਂ ਸਟੱਡੀ ਪਰਮਿਟ ਜਾਰੀ ਕੀਤਾ ਜਾਂਦਾ ਹੈ, ਤਾਂ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਉਸ ਵਿਚਲੇ ਵੇਰਵਿਆਂ ਜਿਵੇਂ ਕਿ ਆਪਣਾ ਨਾਮ, ਜਨਮ ਤਾਰੀਖ, ਐਕਸਪਾਇਰੀ ਡੇਟ ਅਤੇ ਕੰਮ ਕਰਨ ਦੀਆਂ ਸ਼ਰਤਾਂ ਨੂੰ ਧਿਆਨ ਨਾਲ ਚੈੱਕ ਕਰਨ। ਜੇਕਰ ਕੋਈ ਗਲਤੀ ਨਜ਼ਰ ਆਉਂਦੀ ਹੈ, ਤਾਂ ਉਸੇ ਵੇਲੇ ਅਧਿਕਾਰੀ ਨੂੰ ਦੱਸਣਾ ਚਾਹੀਦਾ ਹੈ, ਕਿਉਂਕਿ ਬਾਅਦ ਵਿੱਚ ਇਸ ਨੂੰ ਠੀਕ ਕਰਵਾਉਣਾ ਬੇਹੱਦ ਮੁਸ਼ਕਲ ਹੋ ਸਕਦਾ ਹੈ।
ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਦੇਣੀ ਪੈਂਦੀ ਹੈ ਵਿਸ਼ੇਸ਼ ਇੰਟਰਵਿਊ!

