ਸਟਾਕਟਨ, 13 ਮਈ (ਪੰਜਾਬ ਮੇਲ)- ਲੋਡਾਈ ਨਿਵਾਸੀ ਇੱਕ 27 ਸਾਲਾ ਪੰਜਾਬੀ ਨੂੰ ਗੈਰਕਾਨੂੰਨੀ ਤੌਰ ‘ਤੇ ਹਥਿਆਰਾਂ ਦੀ ਖਰੀਦ-ਫਰੋਖ਼ਤ ਕਰਨ ਅਤੇ ਮਸ਼ੀਨ ਗੰਨ ਰੱਖਣ ਦੇ ਦੋਸ਼ਾਂ ਹੇਠ 5 ਸਾਲ, 4 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਇਹ ਫ਼ੈਸਲਾ ਡੇਲ ਏ. ਡ੍ਰੋਜ਼ਡ ਵੱਲੋਂ ਸੁਣਾਇਆ ਗਿਆ। ਇਹ ਜਾਣਕਾਰੀ ਅਮਰੀਕੀ ਅਟਾਰਨੀ ਐਰਿਕ ਗਰਾਂਟ ਨੇ ਦਿੱਤੀ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਇਹ ਪੰਜਾਬੀ ਇੱਕ ਮੋਟਰਸਾਈਕਲ ਕਲੱਬ ਦਾ ਸੰਸਥਾਪਕ ਸੀ।
ਉਕਤ ਪੰਜਾਬੀ ਨੇ ਇੱਕ ਅੰਡਰਕਵਰ ਅਫਸਰ ਨੂੰ ਕਈ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ, ਜਿਨ੍ਹਾਂ ਵਿਚ ਇੱਕ ਛੋਟੀ ਨਲੀ ਵਾਲੀ ਰਾਈਫ਼ਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨ ਗੰਨ ਕਨਵਰਜ਼ਨ ਡਿਵਾਈਸ ਅਤੇ ਇੱਕ ਰਿਵਾਲਵਰ ਸ਼ਾਮਲ ਸਨ। ਬਾਅਦ ਵਿਚ ਉਸਦੇ ਘਰ ਦੀ ਤਲਾਸ਼ੀ ਦੌਰਾਨ ਹੋਰ ਹਥਿਆਰ ਵੀ ਬਰਾਮਦ ਹੋਏ, ਜਿਨ੍ਹਾਂ ਵਿਚ ਇੱਕ ਮਸ਼ੀਨ ਗੰਨ, ਹੋਰ ਮਸ਼ੀਨ ਗੰਨ ਕਨਵਰਜ਼ਨ ਡਿਵਾਈਸ ਅਤੇ ਇੱਕ ਸਾਇਲੈਂਸਰ ਵੀ ਸ਼ਾਮਲ ਸੀ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਸ ਪੰਜਾਬੀ ਦੇ ਵਾਹਨ ਅਤੇ ਘਰ ਤੋਂ ਉੱਚ ਸਮਰੱਥਾ ਵਾਲੇ ਡਰਮ ਮੈਗਜ਼ੀਨ ਵੀ ਮਿਲੇ। ਇਸ ਤੋਂ ਇਲਾਵਾ ਇੱਕ ਪਾਈਨਐਪਲ-ਸਟਾਈਲ ਹੈਂਡ ਗ੍ਰੇਨੇਡ ਅਤੇ ਇੱਕ ਸੰਭਾਵਿਤ ਫੌਜੀ ਕਲੇਮੋਰ ਮਾਈਨ ਵੀ ਬਰਾਮਦ ਕੀਤੀ ਗਈ। ਸੈਨ ਜੈਕੁਇਨ ਕਾਊਂਟੀ ਸ਼ੈਰਿਫ ਦਫਤਰ ਦੀ ਬੰਬ ਟੀਮ ਨੇ ਮੌਕੇ ‘ਤੇ ਹੀ ਇਹ ਧਮਾਕਾਖੇਜ਼ ਸਮੱਗਰੀ ਨਸ਼ਟ ਕਰ ਦਿੱਤੀ।
ਦੋ ਦਿਨ ਬਾਅਦ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਜਾਣਕਾਰੀ ਮਿਲੀ ਕਿ ਉਕਤ ਪੰਜਾਬੀ ਨੇ ਭਾਰਤ ਜਾਣ ਲਈ ਟਿਕਟ ਬੁੱਕ ਕਰਵਾਈ ਹੈ ਅਤੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਉਡਾਣ ਭਰਨ ਵਾਲਾ ਹੈ। ਅਧਿਕਾਰੀਆਂ ਨੇ ਉਸਨੂੰ ਹਵਾਈ ਅੱਡੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ, ਜਿਸ ਨਾਲ ਉਹ ਦੇਸ਼ ਛੱਡਣ ਤੋਂ ਪਹਿਲਾਂ ਹੀ ਕਾਬੂ ਆ ਗਿਆ।
ਸਟਾਕਟਨ ਅਧਾਰਿਤ ਪੰਜਾਬੀ ਮੋਟਰਸਾਈਕਲ ਕਲੱਬ ਦੇ ਸੰਸਥਾਪਕ ਨੂੰ 5 ਸਾਲ ਤੋਂ ਵੱਧ ਦੀ ਕੈਦ

