#EUROPE

ਵੈਨੇਜ਼ੁਏਲਾ ਭੂਚਾਲ: ਮ੍ਰਿਤਕਾਂ ਦੀ ਗਿਣਤੀ 2200 ਤੋਂ ਪਾਰ

-ਹੁਣ ਤੱਕ ਭੂਚਾਲ ਦੇ 782 ਝਟਕਿਆਂ ਨਾਲ ਕੰਬਿਆ ਵੈਨੇਜ਼ੁਏਲਾ!
ਕਰਾਕਸ, 2 ਜੁਲਾਈ (ਪੰਜਾਬ ਮੇਲ)- ਵੈਨੇਜ਼ੁਏਲਾ ਵਿਚ 24 ਜੂਨ ਨੂੰ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 2,295 ਹੋ ਗਈ ਹੈ, ਜਦੋਂਕਿ ਜ਼ਖਮੀਆਂ ਦੀ ਗਿਣਤੀ 11,267 ਤੱਕ ਪਹੁੰਚ ਗਈ ਹੈ। ਵੈਨੇਜ਼ੁਏਲਾ ਦੀ ਰਾਸ਼ਟਰੀ ਅਸੈਂਬਲੀ ਦੇ ਪ੍ਰਧਾਨ ਜੋਰਜ ਰੌਡਰਿਗਜ਼ ਨੇ ਇਹ ਜਾਣਕਾਰੀ ਦਿੱਤੀ।
ਰੋਡਰਿਗਜ਼ ਨੇ ਪਿਛਲੇ ਹਫ਼ਤੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਭੂਚਾਲਾਂ ਤੋਂ ਬਾਅਦ ਬੁੱਧਵਾਰ (ਸਥਾਨਕ ਸਮੇਂ) ਨੂੰ ਦੇਸ਼ ਦੀ ਸਥਿਤੀ ਬਾਰੇ ਰੋਜ਼ਾਨਾ ਅਪਡੇਟ ਦੌਰਾਨ ਕਿਹਾ, ”ਅੱਜ ਤੱਕ, 2,295 ਮੌਤਾਂ ਅਤੇ 11,267 ਜ਼ਖਮੀ ਹੋਏ ਹਨ। ਅਸੀਂ ਇਸ ਸਮੇਂ 12,841 ਪ੍ਰਭਾਵਿਤ ਲੋਕਾਂ ਦੀ ਗਿਣਤੀ ਕਰ ਰਹੇ ਹਾਂ।” ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਉਨ੍ਹਾਂ ਕਿਹਾ ਕਿ 4,000 ਤੋਂ ਵੱਧ ਅੰਤਰਰਾਸ਼ਟਰੀ ਅਤੇ ਘਰੇਲੂ ਬਚਾਅ ਕਰਮਚਾਰੀਆਂ ਅਤੇ ਵਲੰਟੀਅਰਾਂ ਦੁਆਰਾ 6,461 ਲੋਕਾਂ ਨੂੰ ਬਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੀੜਤਾਂ ਦੀ ਮਦਦ ਲਈ 25 ਅਸਥਾਈ ਕੈਂਪ ਸਰਗਰਮ ਹਨ, ਜਿਨ੍ਹਾਂ ਵਿਚੋਂ 13 ਲਾ ਗੁਆਇਰਾ ਵਿਚ, ਅੱਠ ਕਰਾਕਸ ਵਿਚ, ਦੋ ਮਿਰਾਂਡਾ ਵਿਚ, ਇੱਕ ਕਾਰਾਬੋਬੋ ਵਿਚ ਅਤੇ ਇੱਕ ਯਾਰਾਕੁਏ ਵਿਚ ਹਨ। ਉਨ੍ਹਾਂ ਅੱਗੇ ਕਿਹਾ ਕਿ 24 ਜੂਨ ਤੋਂ ਬਾਅਦ ਹੁਣ ਤੱਕ ਵੈਨੇਜ਼ੁਏਲਾ ਵਿਚ 782 ਝਟਕੇ ਦਰਜ ਕੀਤੇ ਗਏ ਹਨ, ਹਾਲਾਂਕਿ ਉਨ੍ਹਾਂ ਦੀ ਬਾਰੰਬਾਰਤਾ ਅਤੇ ਤੀਬਰਤਾ ਘੱਟ ਗਈ ਹੈ।
ਇਸ ਦੌਰਾਨ ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਨੇ 24 ਜੂਨ ਨੂੰ ਦੇਸ਼ ਵਿਚ ਆਏ ਸ਼ਕਤੀਸ਼ਾਲੀ ਭੂਚਾਲਾਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਸੱਤ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਰੌਡਰਿਗਜ਼ ਨੇ ਬੁੱਧਵਾਰ (ਸਥਾਨਕ ਸਮੇਂ) ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੇ ਇੱਕ ਬਿਆਨ ਵਿਚ ਲਿਖਿਆ, ”ਪੀੜਤਾਂ ਦੀ ਯਾਦ ਦੇ ਸਨਮਾਨ ਵਿਚ, ਮੈਂ ਅੱਜ ਸ਼ਾਮ 6:00 ਵਜੇ ਤੋਂ ਸ਼ੁਰੂ ਹੋ ਕੇ ਸੱਤ (7) ਦਿਨਾਂ ਲਈ ਰਾਸ਼ਟਰੀ ਸੋਗ ਦੀ ਘੋਸ਼ਣਾ ਕਰਨ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ ਕਿ ”ਡੂੰਘੇ ਦੁੱਖ ਦੇ ਇਨ੍ਹਾਂ ਪਲਾਂ ਵਿਚ, ਅਸੀਂ ਇਸ ਪੀੜਤ ਲੋਕਾਂ ਨਾਲ ਖੜ੍ਹੇ ਹਾਂ ਅਤੇ ਉਨ੍ਹਾਂ ਦਾ ਸਾਥ ਦੇਣ ਅਤੇ ਉਨ੍ਹਾਂ ਦੀ ਰੱਖਿਆ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ।” ਰੌਡਰਿਗਜ਼ ਨੇ ਅੱਗੇ ਕਿਹਾ, ”ਵੈਨੇਜ਼ੁਏਲਾ ਦੀ ਆਤਮਾ ਵਿਨਾਸ਼ਕਾਰੀ ਭੂਚਾਲਾਂ ਕਾਰਨ ਹੋਏ ਮਨੁੱਖੀ ਨੁਕਸਾਨ ਤੋਂ ਦੁਖੀ ਹੈ।”