ਵੈਨਕੂਵਰ, 2 ਮਈ (ਪੰਜਾਬ ਮੇਲ)-ਸ਼ਨੀਵਾਰ ਨੂੰ ਇਕ ਫਿਲੀਪੀਨੋ ਕਮਿਊਨਿਟੀ ਸਟ੍ਰੀਟ ਫੈਸਟੀਵਲ ਵਿਚ ਜਸ਼ਨ ਮਨਾ ਰਹੀ ਭੀੜ ‘ਤੇ ਇਕ ਐੱਸ.ਯੂ.ਵੀ. ਚੜ੍ਹਾਉਣ ਵਾਲੇ ਵਿਰੁੱਧ ਕਤਲ ਦੇ ਦੋਸ਼ ਲਾਏ ਗਏ ਹਨ। ਇਸ ਦੌਰਾਨ 11 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਸੀ। ਸ਼ੱਕੀ, 30 ਸਾਲਾ ਵੈਨਕੂਵਰ ਨਿਵਾਸੀ ਕਾਈ-ਜੀ ਐਡਮ ਲੋ, ‘ਤੇ ਦੂਜੇ ਦਰਜੇ ਦੇ ਕਤਲ ਦੇ ਅੱਠ ਦੋਸ਼ ਲਾਏ ਗਏ ਹਨ। ਐਡਮ ‘ਤੇ ਐਤਵਾਰ ਸਵੇਰੇ ਦੋਸ਼ ਲਾਏ ਗਏ ਸਨ ਤੇ ਹੁਣ ਉਹ ਹਿਰਾਸਤ ਵਿਚ ਹੈ। ਵੈਨਕੂਵਰ ਪੁਲਿਸ ਵਿਭਾਗ ਨੇ ਘਟਨਾ ਨੂੰ ਸ਼ਹਿਰ ਦਾ ਸਭ ਤੋਂ ਕਾਲਾ ਦਿਨ ਕਿਹਾ ਹੈ।
ਪ੍ਰੈੱਸ ਕਾਨਫਰੰਸ ‘ਚ ਅੰਤਰਿਮ ਚੀਫ ਕਾਂਸਟੇਬਲ ਸਟੀਵ ਰਾਏ ਨੇ ਕਿਹਾ ਕਿ ਇਹ ਸੰਭਵ ਹੈ ਕਿ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਇਸ ਤੋਂ ਇਲਾਵਾ ਕਈ ਦਰਜਨਾਂ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜੋ ਕਿ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਰਾਏ ਨੇ ਕਿਹਾ ਕਿ ਪੁਲਿਸ ਅਜੇ ਵੀ ਮੁਲਜ਼ਮ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਅੱਤਵਾਦ ਦੀ ਕਾਰਵਾਈ ਨਹੀਂ ਸੀ।
ਜ਼ਿਕਰਯੋਗ ਹੇ ਕਿ ਲਾਪੂ-ਲਾਪੂ ਦਿਵਸ ਮਨਾਉਣ ਲਈ ਦੱਖਣੀ ਵੈਨਕੂਵਰ ਦੀਆਂ ਸੜਕਾਂ ‘ਤੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ।
ਵੈਨਕੂਵਰ ਫਿਲੀਪੀਨੋ ਫੈਸਟੀਵਲ ‘ਚ ਲੋਕਾਂ ‘ਤੇ ਕਾਰ ਚੜ੍ਹਾਉਣ ਵਾਲੇ ‘ਤੇ ਲੱਗੇ ਕਤਲ ਦਾ ਦੋਸ਼
