#PUNJAB

ਵਿੱਤੀ ਸਾਲ 2024-25 ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਿਕ ਫੰਡਿੰਗ ਹੋਈ ਦੁੱਗਣੀ

– ਜੇ.ਜੇ.ਪੀ. ਦਾ ਗਰਾਫ਼ ਡਿੱਗਿਆ
ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਵਿੱਤੀ ਸਾਲ 2024-25 ‘ਚ ਪ੍ਰਾਪਤ ਹੋਈ ਰਾਜਨੀਤਿਕ ਫੰਡਿੰਗ ਦੇ ਆਧਾਰ ‘ਤੇ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼੍ਰੋਮਣੀ ਅਕਾਲੀ ਦਲ 40 ਖੇਤਰੀ ਰਾਜਨੀਤਿਕ ਪਾਰਟੀਆਂ ਦੀ ਸੂਚੀ ਵਿਚ 15ਵੇਂ ਸਥਾਨ ‘ਤੇ ਹੈ, ਜਦੋਂ ਕਿ ਹਰਿਆਣਾ ਦੀ ਜਨਨਾਇਕ ਜਨਤਾ ਪਾਰਟੀ 26ਵੇਂ ਸਥਾਨ ‘ਤੇ ਰਹੀ ਹੈ।
ਭਾਰਤ ਦੇ ਚੋਣ ਕਮਿਸ਼ਨ ਨੂੰ ਖੇਤਰੀ ਪਾਰਟੀਆਂ ਵੱਲੋਂ ਸੌਂਪੇ ਗਏ ਵੇਰਵਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਲ 28 ਦਾਨ ਜ਼ਰੀਏ 4.0645 ਕਰੋੜ ਰੁਪਏ ਪ੍ਰਾਪਤ ਕੀਤੇ, ਜਿਸ ਨਾਲ ਇਸ ਦੀ ਫੰਡਿੰਗ ਦੁੱਗਣੀ ਹੋ ਗਈ ਹੈ। ਇਸ ਦੇ ਉਲਟ, ਜੇ.ਜੇ.ਪੀ. ਦਾ ਰਾਜਨੀਤਿਕ ਦਾਨ 5.717 ਕਰੋੜ ਰੁਪਏ ਤੋਂ ਘੱਟ ਕੇ ਮਹਿਜ਼ 0.403 ਕਰੋੜ ਰੁਪਏ ਰਹਿ ਗਿਆ ਹੈ।
ਜੇ.ਜੇ.ਪੀ. ਨੇ ਵਿੱਤੀ ਸਾਲ 2023-24 ਵਿਚ 245 ਵਾਰ ਦਾਨ ਪ੍ਰਾਪਤ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਵਿੱਤੀ ਸਾਲ 2024-25 ਵਿਚ ਘੱਟ ਕੇ ਸਿਰਫ਼ ਚਾਰ ਰਹਿ ਗਿਆ ਹੈ।
ਦੂਜੇ ਪਾਸੇ, ਅਕਾਲੀ ਦਲ ਨੂੰ ਵਿੱਤੀ ਸਾਲ 2024-25 ‘ਚ ਪਿਛਲੇ ਸਾਲ (ਵਿੱਤੀ ਸਾਲ 2023-24) ਨਾਲੋਂ ਲਗਪਗ ਦੁੱਗਣੀ ਫੰਡਿੰਗ ਮਿਲੀ ਹੈ, ਜਦੋਂ ਕਿ ਪਿਛਲੇ ਸਾਲ ਪਾਰਟੀ ਨੇ 133 ਦਾਨ ਰਾਹੀਂ 2.181 ਕਰੋੜ ਰੁਪਏ ਦੀ ਪ੍ਰਾਪਤੀ ਦਾ ਐਲਾਨ ਕੀਤਾ ਸੀ। ਭਾਵੇਂ ਅਕਾਲੀ ਦਲ ਨੂੰ ਮਿਲਣ ਵਾਲੇ ਦਾਨ ਦੀ ਗਿਣਤੀ 133 ਤੋਂ ਘੱਟ ਕੇ 28 ਰਹਿ ਗਈ, ਪਰ ਦਾਨ ਦੀ ਕੁੱਲ ਰਕਮ ‘ਚ ਵਾਧਾ ਦਰਜ ਕੀਤਾ ਗਿਆ ਹੈ।
ਇਸ ਤਰ੍ਹਾਂ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ, ਉੱਥੇ ਹੀ ਜੇ.ਜੇ.ਪੀ. ਨੂੰ ਵਿੱਤੀ ਪ੍ਰਾਪਤੀਆਂ ਦੇ ਮਾਮਲੇ ਵਿਚ ਭਾਰੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ।