#CANADA #PUNJAB

ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਭਤੀਜੇ ਦੀ ਸਰੀ ਵਿਖੇ ਹਾਦਸੇ ਦੌਰਾਨ ਮੌਤ

ਮਲਸੀਆਂ/ਸਰੀ, 6 ਜੂਨ (ਪੰਜਾਬ ਮੇਲ)-ਕੈਨੇਡਾ ਦੇ ਸਰੀ ਸ਼ਹਿਰ ਵਿਚ ਮਲਸੀਆਂ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਜਸਮੇਰ ਸਿੰਘ ਖਹਿਰਾ ਦੀ ਇਕ ਹਾਦਸੇ ‘ਚ ਮੌਤ ਹੋ ਗਈ। ਇਹ ਨੌਜਵਾਨ ਹਲਕਾ ਸ਼ਾਹਕੋਟ ਦੇ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਭਤੀਜਾ ਅਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਾਲਸਾ ਦਾ ਪੁੱਤਰ ਸੀ।
ਜਾਣਕਾਰੀ ਦਿੰਦਿਆਂ ਸ਼ੂਗਰ ਮਿੱਲ ਨਕੋਦਰ ਦੇ ਚੇਅਰਮੈਨ ਅਸ਼ਵਿੰਦਰ ਸਿੰਘ ਨੀਟੂ ਤੇ ਮ੍ਰਿਤਕ ਦੇ ਭਰਾ ਸੰਤੋਖ ਸਿੰਘ ਖਹਿਰਾ ਨੇ ਦੱਸਿਆ ਕਿ ਜਸਮੇਰ ਸਿੰਘ ਆਪਣੇ ਇਕ ਹੋਰ ਸਾਥੀ ਅਮਨਦੀਪ ਸਿੰਘ ਕਾਹਲੋਂ ਵਾਸੀ ਅੰਮ੍ਰਿਤਸਰ ਨਾਲ ਏ. ਟੀ. ਵੀ. ਰਾਈਡਿੰਗ ਕਰਨ ਪਹਾੜਾਂ ‘ਤੇ ਗਿਆ ਸੀ। ਆਉਂਦੇ ਸਮੇਂ ਬਾਈਕ ਦਾ ਸੰਤੁਲਨ ਵਿਗੜਨ ਕਾਰਨ ਦੋਵੇਂ ਜਣੇ 300 ਫੁੱਟ ਡੂੰਘੀ ਖੱਡ ਵਿਚ ਡਿੱਗ ਗਏ। ਦੋਵਾਂ ਨੌਜਵਾਨਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਮੇਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਗੰਭੀਰ ਜ਼ਖਮੀ ਹੋਏ ਅਮਨਦੀਪ ਸਿੰਘ ਦਾ ਇਲਾਜ ਸ਼ੁਰੂ ਕੀਤਾ। ਨੀਟੂ ਨੇ ਦੱਸਿਆ ਕਿ ਜਸਮੇਰ ਸਿੰਘ ਦੀ ਪਤਨੀ ਤੇ ਬੱਚੇ ਭਾਰਤ ਆਏ ਹੋਏ ਸਨ ਅਤੇ ਵਾਪਸ ਕੈਨੇਡਾ ਜਾਣ ਲਈ ਦਿੱਲੀ ਏਅਰਪੋਰਟ ਵਿਖੇ ਮੌਜੂਦ ਸਨ, ਜਦੋਂ ਉਨ੍ਹਾਂ ਨੂੰ ਜਸਮੇਰ ਸਿੰਘ ਦੀ ਦਰਦਨਾਕ ਮੌਤ ਦੀ ਖਬਰ ਮਿਲੀ। ਉਨ੍ਹਾਂ ਦੱਸਿਆ ਕਿ ਜਸਮੇਰ ਸਿੰਘ ਦਾ ਅੰਤਿਮ ਸੰਸਕਾਰ ਸਾਹਲਾ ਨਗਰ (ਮਲਸੀਆਂ) ਵਿਖੇ ਹੀ ਕੀਤਾ ਜਾਵੇਗਾ ਅਤੇ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਲਈ ਯਤਨ ਆਰੰਭ ਕਰ ਦਿੱਤੇ ਗਏ ਹਨ।