ਸੈਕਰਾਮੈਂਟੋ,ਕੈਲੀਫੋਰਨੀਆ, 4 ਮਈ – (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਸ਼ਿੰਗਟਨ, ਡੀ ਸੀ ਸਮੇਤ ਸਮੁੱਚੇ ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਅਤੇ ਉਸ ਦਾ ਸਮਰਥਨ ਕਰ ਰਹੇ ਅਰਬਪਤੀਆਂ ਵਿਰੁੱਧ ਜਬਰਦਸਤ ਪ੍ਰਦਰਸ਼ਨ ਕੀਤੇ ਗਏ। ਬੁਲਾਰਿਆਂ ਨੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਕੰਮਕਾਜ਼ੀ ਲੋਕਾਂ ਵਿਰੁਧ ਜੰਗ ਕਰਾਰ ਦਿੱਤਾ। ਇਤਿਹਾਸਕ ਮਈ ਦਿਵਸ ਜਾਂ ਕਿਰਤੀਆਂ ਦੇ ਕੌਮਾਂਤਰੀ ਦਿਵਸ ਮੌਕੇ ਕੀਤੇ ਗਏ ਇਨਾਂ ਪ੍ਰਦਰਸ਼ਨਾਂ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ ਤੇ ਟਰੰਪ ਪ੍ਰਸ਼ਾਸਨ ਵਿਰੁੱਧ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ। ਹਰੇਕ ਰਾਜ ਵਿਚ 1000 ਤੋਂ ਵਧ ਪ੍ਰਦਰਸ਼ਨ ਤੇ ਰੈਲੀਆਂ ਹੋਈਆਂ ਜਿਨਾਂ ਵਿਚ ਕਿਰਤੀ ਯੂਨੀਅਨਾਂ, ਵਿਦਿਆਰਥੀ ਸੰਗਠਨਾਂ ਤੇ ਹੋਰ ਸਮਾਜਿਕ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ। ਵਾਸ਼ਿੰਗਟਨ , ਡੀ ਸੀ ਵਿਚ ਨੈਸ਼ਨਲ ਮਾਲ ‘ਤੇ ”ਮੇ ਡੇਅ ਮੂਵਮੈਂਟ ਯੂ ਐਸ ਏ” ਦੇ ਨਾਂ ਹੇਠ ਇਕ ਵੱਡਾ ਇਕੱਠਾ ਹੋਇਆ। ਨਿਊਯਾਰਕ ਵਿਚ ਰੈਲੀ ਨੂੰ ਅਲੈਗਜੰਡਰੀਆ ਓਕੈਸੀਓ ਕੋਰਟਜ਼ ਨੇ ਸੰਬੋਧਨ ਕੀਤਾ ਜਦ ਕਿ ਫਿਲਾਡੈਲਫੀਆ ਵਿਚ ਸੈਨੇਟਰ ਬਰਨੀ ਸੈਂਡਰਜ ਕਾਮਿਆਂ ਦੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ। ਸੈਂਡਰਜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੇ ਇਤਿਹਾਸ ਵਿਚ ਕਦੀ ਵੀ ਏਦਾਂ ਨਹੀਂ ਹੋਇਆ ਕਿ ਕੁਝ ਲੋਕਾਂ ਦੀ ਮੁੱਠੀ ਵਿਚ ਰਾਜਸੀ ਸੱਤਾ ਬੰਦ ਹੋਈ ਹੋਵੇ। ਆਮ ਅਮਰੀਕੀਆਂ ਲਈ ਜੀਣਾ ਮੁਸ਼ਕਿਲ ਹੋ ਗਿਆ ਹੈ ਤੇ ਉਹ ਬੇਰੁਜ਼ਗਾਰੀ ਦੇ ਆਲਮ ਵਿਚ ਇਧਰ ਉਧਰ ਫਿਰ ਰਹੇ ਹਨ। ਰੈਲੀਆਂ ਦੇ ਪ੍ਰਬੰਧਕਾਂ ਨੇ ਦੋਸ਼ ਲਾਇਆ ਕਿ ਟਰੰਪ ਪ੍ਰਸ਼ਾਸਨ, ਮਸਕ ਤੇ ਉਨਾਂ ਦੇ ਅਮੀਰ ਜੋਟੀਦਾਰਾਂ ਨੇ ਆਮ ਅਮਰੀਕੀਆਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ। ਉਹ ਕਿਰਤੀਆਂ ਦੇ ਹੱਕਾਂ ਨੂੰ ਖਤਮ ਕਰ ਰਹੇ ਹਨ, ਕਿਰਤੀਆਂ ਦੀਆਂ ਯੁਨੀਅਨਾਂ ਨੂੰ ਤੋੜਨ ਦੇ ਯਤਨ ਵਿਚ ਹਨ ਤੇ ਪ੍ਰਵਾਸੀਆਂ ਦੀ ਆਵਾਜ਼ ਬੰਦ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਟਰੰਪ ਪ੍ਰਸ਼ਾਸਨ ਵਿਰੁੱਧ ਬੈਨਰ ਫੜੇ ਹੋਏ ਸਨ ਜਿਨਾਂ ਉਪਰ ਨੌਕਰੀਆਂ ਵਿੱਚ ਕਟੌਤੀ ਤੇ ਪ੍ਰਵਾਸੀਆਂ ਦੇ ਗਲਤ ਢੰਗ ਨਾਲ ਦੇਸ਼ ਨਿਕਾਲੇ ਦੇ ਵਿਰੁੱਧ ਨਾਅਰੇ ਲਿਖੇ ਹੋਏ ਸਨ। ਕਈ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਝੰਡਾ ਉਲਟਾ ਲਹਿਰਾਇਆ ਹੋਇਆ ਸੀ ਜਿਸ ਦਾ ਅਰਥ ਹੈ ਕਿ ਦੇਸ਼ ਵਿਚ ਸੰਕਟ ਹੈ।
ਵਾਸ਼ਿੰਗਟਨ ਸਮੇਤ ਸਮੁੱਚੇ ਅਮਰੀਕਾ ਵਿਚ ਟਰੰਪ ਦੀਆਂ ਨੀਤੀਆਂ ਵਿਰੁੱਧ ਜਬਰਦਸਤ ਪ੍ਰਦਰਸ਼ਨ
