#PUNJAB

ਲੋਕ ਸਭਾ Election 2024 ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਪੀ.ਏ.ਐੱਮ.ਐੱਸ. ਦੀ ਸ਼ੁਰੂਆਤ

ਚੰਡੀਗੜ੍ਹ, 11 ਅਪ੍ਰੈਲ (ਪੰਜਾਬ ਮੇਲ)- ਨਿਰਪੱਖ ਅਤੇ ਸੁਚਾਰੂ ਚੋਣ ਅਮਲ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਆਪਣੇ ਦਫ਼ਤਰ ਵਿਖੇ ਲੋਕ ਸਭਾ ਚੋਣਾਂ 2024 ਲਈ ਪੋਲ ਐਕਟੀਵਿਟੀ ਮੈਨੇਜਮੈਂਟ ਸਿਸਟਮ (ਪੀ.ਏ.ਐੱਮ.ਐੱਸ.) ਦੀ ਸ਼ੁਰੂਆਤ ਕੀਤੀ ਗਈ।
ਜ਼ਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀ.ਏ.ਐੱਮ.ਐੱਸ. ਨੇ ਵੱਖ-ਵੱਖ ਚੋਣ ਪ੍ਰੋਗਰਾਮਾਂ ਜਿਵੇਂ ਕਿ ਪੋਲ ਪਾਰਟੀਆਂ ਦੀਆਂ ਗਤੀਵਿਧੀਆਂ, ਮੌਕ ਪੋਲ, ਵੋਟਿੰਗ ਪ੍ਰਕਿਰਿਆ ਸ਼ੁਰੂ ਤੇ ਬੰਦ ਹੋਣ, ਸ਼ਾਮ 6 ਵਜੇ ਕਤਾਰ ਵਿਚ ਖੜ੍ਹੇ ਵੋਟਰਾਂ ਦੀ ਗਿਣਤੀ, ਜਮ੍ਹਾਂ ਕਰਵਾਈ ਗਈ ਸਮੱਗਰੀ ਆਦਿ ਦੀ ਨਿਗਰਾਨੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਹ ਪ੍ਰਣਾਲੀ ਇੱਕ ਸਮਰਪਿਤ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਜ਼ਰੀਏ ਸੈਕਟਰ ਮੈਜਿਸਟ੍ਰੇਟਾਂ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ਵਿਖੇ ਵੱਖ-ਵੱਖ ਗਤੀਵਿਧੀਆਂ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਵਧੇਰੇ ਮਦਦਗਾਰ ਸਿੱਧ ਹੋਈ।
ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੀ.ਏ.ਐੱਮ.ਐੱਸ. ਨੂੰ ਹੋਰ ਵੀ ਕਾਰਗਰ ਬਣਾਇਆ ਗਿਆ ਹੈ, ਜੋ ਚੋਣ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦਿਆਂ ਚੋਣਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਵਿਚ ਅਹਿਮ ਭੂਮਿਕਾ ਨਿਭਾਏਗਾ।
ਜੀ.ਪੀ.ਐੱਸ. ਕੋਆਰਡੀਨੇਟਸ ਦੀ ਵਰਤੋਂ ਕਰਦਿਆਂ ਇਹ ਐਪਲੀਕੇਸ਼ਨ ਡਿਸਪੈਚ ਪ੍ਰਕਿਰਿਆ ਦੌਰਾਨ ਪਾਰਟੀਆਂ ਦੀ ਹਲਚਲ ‘ਤੇ ਬਾਰੀਕੀ ਨਾਲ ਨਜ਼ਰ ਰੱਖਦੀ ਹੈ ਅਤੇ ਹਰ ਕਦਮ ‘ਤੇ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਂਦੀ ਹੈ।