#OTHERS

ਲਾਹੌਰ ‘ਚ ਭਾਰਤੀ ਸਿੱਖ ਯਾਤਰੀ ਪਰਿਵਾਰ ਨੂੰ ਲੁੱਟਣ ਵਾਲੇ ਗਰੋਹ ਦਾ ਸਰਗਨਾ ਗ੍ਰਿਫ਼ਤਾਰ

ਲਾਹੌਰ, 4 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਪੁਲਿਸ ਨੇ ਪੁਲਿਸ ਦੇ ਭੇਸ ਵਿਚ ਲਾਹੌਰ ਦੇ ਬਾਜ਼ਾਰ ‘ਚ ਸਿੱਖ ਯਾਤਰੀਆਂ ਨੂੰ ਲੁੱਟਣ ਵਾਲੇ ਲੁਟੇਰਿਆਂ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੁਟੇਰੇ ਭਾਰਤੀ ਸਿੱਖ ਪਰਿਵਾਰ ਤੋਂ 250,000 ਭਾਰਤੀ ਰੁਪਏ, 150,000 ਪਾਕਿਸਤਾਨੀ ਰੁਪਏ ਤੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ਸਨ। ਕੰਵਲਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਭਾਰਤ ਤੋਂ ਇੱਥੇ ਪੁੱਜੇ ਸਨ। ਇਹ ਸਿੱਖ ਪਰਿਵਾਰ 29 ਨਵੰਬਰ ਨੂੰ ਲਾਹੌਰ ਦੇ ਗੁਲਬਰਗ ਇਲਾਕੇ ਦੀ ਲਿਬਰਟੀ ਮਾਰਕੀਟ ਵਿਚ ਖਰੀਦਦਾਰੀ ਕਰਨ ਗਿਆ ਸੀ, ਜਦੋਂ ਸੁਰੱਖਿਆ ਕਲੀਅਰੈਂਸ ਦੇ ਨਾਂ ‘ਤੇ ਪੁਲਿਸ ਦੇ ਭੇਸ ਵਿਚ ਆਏ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਗਹਿਣਿਆਂ ਤੋਂ ਇਲਾਵਾ 250,000 ਭਾਰਤੀ ਰੁਪਏ ਅਤੇ 150,000 ਪਾਕਿਸਤਾਨੀ ਕਰੰਸੀ ਲੁੱਟ ਲਈ। ਪੁਲਿਸ ਨੇ ਅੱਜ ਦਾਅਵਾ ਕੀਤਾ ਕਿ ਗਰੋਹ ਦੇ ਸਰਗਨਾ ਅਹਿਮਦ ਰਜ਼ਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਡਾਅਨ ਅਖਬਾਰ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਵੀ ਛਾਪੇ ਜਾਰੀ ਹਨ। ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਲਾਹੌਰ ਪੁਲਿਸ ਮੁਖੀ ਤੋਂ ਰਿਪੋਰਟ ਮੰਗੀ ਹੈ।