ਮੁਲਜ਼ਮ ਦੀ ਪਛਾਣ ਰਾਜਸਥਾਨ ਦੀ ਜੈਪੁਰ ਨਿਵਾਸੀ ਬਿੰਦੂ ਦੇਵੀ ਵਜੋਂ ਹੋਈ
ਮੁਜ਼ੱਫਰਨਗਰ, 12 ਸਤੰਬਰ (ਪੰਜਾਬ ਮੇਲ)- ਰਾਜਸਥਾਨ ਦੀ ਇੱਕ ਔਰਤ ਨੂੰ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਤਨੀ ਬਣ ਕੇ ਸੋਸ਼ਲ ਮੀਡੀਆ ‘ਤੇ ਜਾਟ ਨੇਤਾ ਨੂੰ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਸ਼ਾਮਲੀ ਦੇ ਪੁਲਿਸ ਕਪਤਾਨ ਐੱਨ.ਪੀ. ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਾਜਸਥਾਨ ਦੀ ਜੈਪੁਰ ਨਿਵਾਸੀ ਬਿੰਦੂ ਦੇਵੀ ਵਜੋਂ ਹੋਈ ਹੈ ਅਤੇ ਉਸ ਨੂੰ ਜਾਟ ਨੇਤਾ ਮੁਕੁਲ ਚੌਧਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਅਨੁਸਾਰ, ਚੌਧਰੀ ਨੇ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ ਹੱਤਿਆ ਵਿਚ ਕਥਿਤ ਤੌਰ ‘ਤੇ ਸ਼ਾਮਲ ਗੈਂਗਸਟਰਾਂ ਦੀ ਭਾਲ ਅਤੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ।
ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਬਿਸ਼ਨੋਈ ਦੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਔਰਤ ਨੇ ਸੋਸ਼ਲ ਮੀਡੀਆ ‘ਤੇ ਚੌਧਰੀ ਵਿਰੁੱਧ ਧਮਕੀ ਭਰੇ ਸੁਨੇਹੇ ਕਥਿਤ ਤੌਰ ‘ਤੇ ਪੋਸਟ ਕੀਤੇ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਪੁਲਿਸ ਮੁਤਾਬਕ, ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਅਤੇ ਧਮਕੀ ਦੇਣ ਵਾਲੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਦੱਸਿਆ ਕਿ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ 26 ਅਗਸਤ ਨੂੰ ਸ਼ਾਮਲੀ ‘ਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਮੁਤਾਬਕ, ਬਾਲਿਆਨ ਦੀ ਹੱਤਿਆ ਅਤੇ ਚੌਧਰੀ ਨੂੰ ਕਥਿਤ ਤੌਰ ‘ਤੇ ਦਿੱਤੀਆਂ ਗਈਆਂ ਧਮਕੀਆਂ ਦੇ ਮਾਮਲੇ ਦੀ ਜਾਂਚ ਜਾਰੀ ਹੈ।
ਲਾਰੈਂਸ ਬਿਸ਼ਨੋਈ ਦੀ ਪਤਨੀ ਬਣ ਧਮਕੀ ਦੇਣ ਵਾਲੀ ਰਾਜਸਥਾਨ ਦੀ ਔਰਤ ਗ੍ਰਿਫ਼ਤਾਰ

