-ਜਲਦ ਲਿਆਂਦਾ ਜਾਵੇਗਾ ਭਾਰਤ
ਨਵੀਂ ਦਿੱਲੀ, 7 ਨਵੰਬਰ (ਪੰਜਾਬ ਮੇਲ)- ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਸਰਗਰਮ ਮੈਂਬਰ ਹੈਰੀ ਬਾਕਸਰ (ਅਸਲੀ ਨਾਂ ਹਰਿਚੰਦ ਜਾਟ) ਨੂੰ ਅਮਰੀਕਾ ਦੇ ਕੈਲੀਫੋਰਨੀਆ ‘ਚ ਉੱਥੋਂ ਦੇ ਅਧਿਕਾਰੀਆਂ ਨੇ ਹਿਰਾਸਤ ‘ਚ ਲੈ ਲਿਆ ਹੈ। ਸੂਤਰਾਂ ਅਨੁਸਾਰ, ਇਹ ਕਾਰਵਾਈ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਅਤੇ ਹਰਿਆਣਾ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਕੀਤੀ ਗਈ ਹੈ। ਰਾਜਸਥਾਨ ਦੇ ਕੋਟਪੂਤਲੀ-ਬਹਿਰੋੜ ਜ਼ਿਲ੍ਹੇ ਦੇ ਬਾਮਸੁਰ ਇਲਾਕੇ ਦਾ ਰਹਿਣ ਵਾਲਾ ਬਾਕਸਰ, ਵਿਦੇਸ਼ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਜ਼ਬਰਨ ਵਸੂਲੀ ਨੈੱਟਵਰਕ ਨੂੰ ਚਲਾਉਣ ‘ਚ ਅਹਿਮ ਭੂਮਿਕਾ ਨਿਭਾਉਂਦਾ ਸੀ।
ਜੈਪੁਰ ‘ਚ ਰਹਿਣ ਦੌਰਾਨ ਉਸ ਨੇ ਬਾਕਸਿੰਗ ਸਿੱਖੀ, ਜਿਸ ਤੋਂ ਬਾਅਦ ਉਸ ਦਾ ਨਾਂ ‘ਬਾਕਸਰ’ ਪੈ ਗਿਆ। ਅਪਰਾਧ ਦੀ ਦੁਨੀਆਂ ‘ਚ ਆਉਣ ਤੋਂ ਪਹਿਲਾਂ, ਉਹ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਸੀ ਅਤੇ ਬਾਕਸਿੰਗ ਕੋਚ ਵਜੋਂ ਵੀ ਕੰਮ ਕਰ ਚੁੱਕਿਆ ਹੈ। ਉਸ ‘ਤੇ ਕਤਲ, ਕਤਲ ਦੀ ਕੋਸ਼ਿਸ਼, ਕੁੱਟਮਾਰ, ਗੋਲੀਬਾਰੀ ਅਤੇ ਵਪਾਰੀਆਂ ਨੂੰ ਜ਼ਬਰਨ ਵਸੂਲੀ ਦੀ ਧਮਕੀ ਦੇਣ ਵਰਗੇ ਕਈ ਅਪਰਾਧਿਕ ਮਾਮਲੇ ਦਰਜ ਹਨ। ਦਿੱਲੀ, ਰਾਜਸਥਾਨ, ਪੰਜਾਬ ਅਤੇ ਹਰਿਆਣਾ ‘ਚ ਕਈ ਅਪਰਾਧਿਕ ਮਾਮਲਿਆਂ ‘ਚ ਉਸ ਦਾ ਨਾਂ ਸਾਹਮਣੇ ਆਇਆ ਹੈ। ਕੈਨੇਡਾ ‘ਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਚ ਵੀ ਬਾਕਸਰ ਦਾ ਨਾਂ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਬਾਲੀਵੁੱਡ ਹਸਤੀਆਂ ਰੋਹਿਤ ਸ਼ੈੱਟੀ, ਰਣਵੀਰ ਸਿੰਘ ਅਤੇ ਤੂਸ਼ਾਰ ਕਪੂਰ ਨੂੰ ਧਮਕੀ ਦੇਣ ‘ਚ ਵੀ ਉਸ ਦੀ ਸ਼ਮੂਲੀਅਤ ਦੱਸੀ ਜਾਂਦੀ ਹੈ।
ਸੂਤਰਾਂ ਅਨੁਸਾਰ, ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਘਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਬਾਕਸਰ ਨੇ ਲਈ ਸੀ। ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਪੋਸਟ ਅਤੇ ਆਡੀਓ ਮੈਸੇਜ ਰਾਹੀਂ ਬਾਲੀਵੁੱਡ ਹਸਤੀਆਂ ਨੂੰ ਧਮਕੀਆਂ ਦਿੱਤੀਆਂ ਸਨ। ਕੈਲੀਫੋਰਨੀਆ ‘ਚ ਉਸ ਦੀ ਹਿਰਾਸਤ ਤੋਂ ਬਾਅਦ, ਹੁਣ ਭਾਰਤੀ ਏਜੰਸੀਆਂ ਉਸ ਨੂੰ ਵਾਪਸ ਭਾਰਤ ਲਿਆਉਣ ਲਈ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨਗੀਆਂ। ਇਸ ਪ੍ਰਕਿਰਿਆ ‘ਚ ਭਾਰਤ ਦੀ ਨੋਡਲ ਏਜੰਸੀ, ਕੇਂਦਰੀ ਜਾਂਚ ਬਿਊਰ (ਸੀ.ਬੀ.ਆਈ.) ਅਹਿਮ ਭੂਮਿਕਾ ਨਿਭਾਏਗੀ। ਉਸ ਦੀ ਹਿਰਾਸਤ ਨਾਲ ਜੁੜੀ ਹੋਰ ਜਾਣਕਾਰੀ ਦਾ ਇੰਤਜ਼ਾਰ ਹੈ।
ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈਰੀ ਬਾਕਸਰ ਅਮਰੀਕਾ ‘ਚ ਗ੍ਰਿਫ਼ਤਾਰ

