#PUNJAB

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲਾ: ਪਾਲੀਗ੍ਰਾਫ ਟੈਸਟ ਤੋਂ ਬਚਣ ਲਈ ਅਰਜ਼ੀ ਅਦਾਲਤ ਵੱਲੋਂ ਰੱਦ

-ਲਾਜ਼ਮੀ ਤੌਰ ‘ਤੇ ਕਰਵਾਉਣਾ ਹੋਵੇਗਾ ਟੈਸਟ
ਐੱਸ.ਏ.ਐੱਸ. ਨਗਰ, 30 ਅਪ੍ਰੈਲ (ਪੰਜਾਬ ਮੇਲ)- ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੁਲਿਸ ਹਿਰਾਸਤ ਦੌਰਾਨ ਹੋਈ ਇੰਟਰਵਿਊ ਮਾਮਲੇ ‘ਚ ਵੱਡਾ ਮੋੜ ਆ ਗਿਆ ਹੈ। ਮੁਹਾਲੀ ਦੀ ਅਦਾਲਤ ਨੇ ਉਹ ਪੰਜ ਪੁਲਿਸ ਮੁਲਾਜ਼ਮ, ਜਿਨ੍ਹਾਂ ਨੇ ਲਾਈ ਡਿਟੈਕਟਰ (ਪਾਲੀਗ੍ਰਾਫ) ਟੈਸਟ ਤੋਂ ਬਚਣ ਲਈ ਅਦਾਲਤ ਵਿਚ ਅਰਜ਼ੀ ਲਾਈ ਸੀ, ਉਹ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਹੁਣ ਇਨ੍ਹਾਂ ਕਰਮਚਾਰੀਆਂ ਨੂੰ ਇਹ ਟੈਸਟ ਲਾਜ਼ਮੀ ਤੌਰ ‘ਤੇ ਕਰਵਾਉਣਾ ਪਵੇਗਾ।
ਦਰਅਸਲ, ਸਾਲ 2022 ਵਿਚ ਲਾਰੈਂਸ ਬਿਸ਼ਨੋਈ ਦੀ ਇਕ ਇੰਟਰਵਿਊ ਪੁਲਿਸ ਹਿਰਾਸਤ ਵਿਚ ਹੋਇਆ ਸੀ, ਜੋ ਲਗਭਗ ਡੇਢ ਸਾਲ ਬਾਅਦ ਇਕ ਟੀ.ਵੀ. ਚੈਨਲ ‘ਤੇ ਚਲਾਈ ਗਈ। ਇੰਟਰਵਿਊ ਵਿਚ ਲਾਰੈਂਸ ਨੇ ਨਾਂ ਸਿਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ, ਸਗੋਂ ਜੇਲ੍ਹ ‘ਚੋਂ ਮੋਬਾਈਲ ਮਿਲਣ ਅਤੇ ਕਾਲ ਕਰਨ ਵਰਗੇ ਹੈਰਾਨੀਜਨਕ ਖ਼ੁਲਾਸੇ ਵੀ ਕੀਤੇ। ਜਾਂਚ ਦੌਰਾਨ ਇਹ ਸ਼ੱਕ ਉੱਭਰ ਕੇ ਸਾਹਮਣੇ ਆਇਆ ਕਿ ਇਹ ਸਿਰਫ਼ ਲਾਰੈਂਸ ਦੀ ਹੁਸ਼ਿਆਰੀ ਹੀ ਨਹੀਂ ਸੀ, ਸਗੋਂ ਇਕ ਅੰਦਰੂਨੀ ਸਾਜ਼ਿਸ਼ ਸੀ, ਜਿਸ ‘ਚ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਦੀ ਮਿਲੀਭੁਗਤ ਹੋ ਸਕਦੀ ਹੈ। ਸ਼ੱਕ ਦੇ ਆਧਾਰ ‘ਤੇ ਉਹ ਪੁਲਿਸ ਮੁਲਾਜ਼ਮ ਜੋ ਉਸ ਸਮੇਂ ਡਿਊਟੀ ‘ਤੇ ਸਨ, ਉਨ੍ਹਾਂ ਨੂੰ ਪਾਲੀਗ੍ਰਾਫ ਟੈਸਟ ਲਈ ਕਿਹਾ ਗਿਆ।
ਮੁਲਾਜ਼ਮ ਮੁਖਤਿਆਰ ਸਿੰਘ, ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਟੈਸਟ ਲਈ ਸਹਿਮਤੀ ਦਿੱਤੀ ਸੀ, ਪਰ ਬਾਅਦ ‘ਚ ਕਿਹਾ ਕਿ ਇਹ ਸਹਿਮਤੀ ਉਨ੍ਹਾਂ ਨੇ ਦਬਾਅ ‘ਚ ਆ ਕੇ ਦਿੱਤੀ ਸੀ। ਮੁਹਾਲੀ ਕੋਰਟ ਨੇ ਇਹ ਦਲੀਲ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਇਨ੍ਹਾਂ ਮੁਲਾਜ਼ਮਾਂ ਕੋਲ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਣ ਦਾ ਬਦਲ ਬਚਦਾ ਹੈ ਪਰ ਇਸ ਫ਼ੈਸਲੇ ਨਾਲ ਜਾਂਚ ਏਜੰਸੀਆਂ ਨੂੰ ਇਹ ਜਾਣਨ ‘ਚ ਮਦਦ ਮਿਲੇਗੀ ਕਿ ਕੀ ਇਹ ਇੰਟਰਵਿਊ ਅੰਦਰਲੇ ਸਹਿਯੋਗ ਨਾਲ ਹੋਇਆ ਸੀ ਜਾਂ ਨਹੀਂ।
ਲਾਰੈਂਸ ਦਾ ਦੂਜਾ ਇੰਟਰਵਿਊ ਰਾਜਸਥਾਨ ਜੇਲ੍ਹ ਤੋਂ ਹੋਇਆ ਸੀ, ਜਿਸ ‘ਚ ਉਹ ਜੇਲ੍ਹ ਦੀ ਬੈਰਕ ‘ਚੋਂ ਕਾਲ ਕਰਦਾ ਦਿਖਾਇਆ ਗਿਆ। ਉਸ ਨੇ ਕਿਹਾ ਕਿ ਰਾਤ ਸਮੇਂ ਪਹਿਰੇਦਾਰ ਨਹੀਂ ਹੁੰਦੇ ਅਤੇ ਮੋਬਾਈਲ ਅਸਾਨੀ ਨਾਲ ਅੰਦਰ ਆ ਜਾਂਦੇ ਹਨ।