#CANADA

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਨੂੰ ਇੱਕ ਹੋਰ ਕਤਲ ਮਾਮਲੇ ‘ਚ 15 ਸਾਲ ਦੀ ਸਜ਼ਾ

ਸਰੀ, 24 ਜੁਲਾਈ (ਪੰਜਾਬ ਮੇਲ)- ਸਰੀ ਦੇ ਮਸ਼ਹੂਰ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਟੈਨਰ ਫੌਕਸ (25) ਨੂੰ ਅਦਾਲਤ ਨੇ ਇੱਕ ਹੋਰ ਕਤਲ ਕੇਸ ਵਿਚ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਸ ਨੂੰ ਮਾਰਚ 2022 ਵਿਚ ਐਬਟਸਫੋਰਡ ਦੇ ਇੱਕ 41 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਸੁਣਾਈ ਗਈ ਹੈ।
ਜਾਣਕਾਰੀ ਅਨੁਸਾਰ 21 ਮਾਰਚ 2022 ਨੂੰ ਰਾਤ ਕਰੀਬ 9:52 ਵਜੇ ਐਬਟਸਫੋਰਡ ਦੇ ਲੈਟੀਮਰ ਸਟ੍ਰੀਟ ਸਥਿਤ ਇੱਕ ਘਰ ਵਿਚ ਜ਼ਬਰਦਸਤੀ ਦਾਖਲ ਹੋਣ ਅਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਨੂੰ ਉੱਥੇ 41 ਸਾਲਾ ਚੈਡ ਕੋਲੀਵਾਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ, ਜਿਸ ਦੀ ਬਾਅਦ ਵਿਚ ਮੌਤ ਹੋ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਜਦੋਂ ਕੋਲੀਵਾਸ ਨੇ ਆਪਣੇ ਘਰ ਵਿਚ ਘੁਸਪੈਠ ਕਰਨ ਵਾਲੇ ਫੌਕਸ ਦਾ ਸਾਹਮਣਾ ਕੀਤਾ, ਤਾਂ ਫੌਕਸ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮ੍ਰਿਤਕ ਨਿਹੱਥਾ ਸੀ ਅਤੇ ਇਸ ਘਟਨਾ ਦਾ ਕਿਸੇ ਗੈਂਗਵਾਰ ਨਾਲ ਕੋਈ ਸਬੰਧ ਨਹੀਂ ਸੀ।
ਟੈਨਰ ਫੌਕਸ ਨੇ ਅਦਾਲਤ ਵਿਚ ਹਥਿਆਰ ਨਾਲ ਗੈਰ-ਇਰਾਦਤਨ ਹੱਤਿਆ ਦਾ ਦੋਸ਼ ਕਬੂਲ ਕਰ ਲਿਆ ਸੀ । 22 ਜੁਲਾਈ ਨੂੰ ਸੁਣਾਈ ਗਈ 15 ਸਾਲ ਦੀ ਇਸ ਸਜ਼ਾ ਵਿਚ ਫੌਕਸ ਨੂੰ ਜੇਲ੍ਹ ਵਿਚ ਪਹਿਲਾਂ ਬਿਤਾਏ ਸਮੇਂ ਲਈ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ‘ਤੇ ਉਮਰ ਭਰ ਲਈ ਹਥਿਆਰ ਰੱਖਣ ਦੀ ਪਾਬੰਦੀ ਅਤੇ ਡੀ.ਐੱਨ.ਏ. ਦੇਣ ਦਾ ਹੁਕਮ ਵੀ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫੌਕਸ ਪਹਿਲਾਂ ਹੀ ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ਵਿਚ ਬਿਨਾਂ ਪੈਰੋਲ 20 ਸਾਲ ਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਮਾਮਲੇ ਵਿਚ ਫੌਕਸ ਦੀ ਸਾਥੀ ਲੈਟੀਸ਼ੀਆ ਅਸੇਰਾ (30) ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਅਸੇਰਾ ਨੇ ਘਰ ਵਿਚ ਜ਼ਬਰਦਸਤੀ ਦਾਖਲ ਹੋਣ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਪ੍ਰੈਲ 2025 ਵਿਚ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ। ਆਈ.ਐੱਚ.ਆਈ.ਟੀ. ਦੀ ਸਾਰਜੈਂਟ ਫਰੇਡਾ ਫੋਂਗ ਨੇ ਕਿਹਾ ਕਿ ਹਾਲਾਂਕਿ ਸਜ਼ਾ ਨਾਲ ਮਨੁੱਖੀ ਜਾਨ ਵਾਪਸ ਨਹੀਂ ਆ ਸਕਦੀ, ਪਰ ਉਮੀਦ ਹੈ ਕਿ ਇਹ ਫੈਸਲਾ ਪੀੜਤ ਪਰਿਵਾਰ ਦੇ ਜ਼ਖ਼ਮਾਂ ਨੂੰ ਭਰਨ ਵਿਚ ਮਦਦਗਾਰ ਸਾਬਤ ਹੋਵੇਗਾ।