#AMERICA

ਯੂ.ਐੱਸ. ‘ਚ ਨੌਕਰੀਆਂ ‘ਤੇ ਸੰਕਟ!

ਲੱਖਾਂ ਗੈਰ-ਚੁਣੇ ਹੋਏ ਸੰਘੀ ਨੌਕਰਸ਼ਾਹਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਨੇ ਟਰੰਪ : ਰਾਮਾਸਵਾਮੀ
-ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤੀ-ਅਮਰੀਕੀ ਰਾਮਾਸਵਾਮੀ ਵੱਲੋਂ ਸੰਕੇਤ
ਵਾਸ਼ਿੰਗਟਨ, 16 ਨਵੰਬਰ (ਪੰਜਾਬ ਮੇਲ)- ਉਦਯੋਗਪਤੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿਚ ਸਰਕਾਰੀ ਨੌਕਰੀਆਂ ਵਿਚ ਵੱਡੀ ਕਟੌਤੀ ਦਾ ਸੰਕੇਤ ਦਿੱਤਾ ਹੈ। ਰਾਮਾਸਵਾਮੀ ਨੂੰ ਟੈਸਲਾ ਦੇ ਮਾਲਕ ਐਲੋਨ ਮਸਕ ਦੇ ਨਾਲ ਸਰਕਾਰੀ ਕੁਸ਼ਲਤਾ ਵਿਭਾਗ (ਡਿਪਾਰਟਮੈਂਟ ਆਫ ਗਵਰਨਮੈਂਟ ਐਫਿਸ਼ੀਐਂਸੀ) ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਵੀਰਵਾਰ ਨੂੰ ਫਲੋਰੀਡਾ ਦੇ ਮਾਰ-ਏ-ਲਾਗੋ ਵਿੱਚ ਆਯੋਜਿਤ ਇੱਕ ਸਮਾਗਮ ਵਿਚ ਕਿਹਾ, ”ਮੈਂ ਅਤੇ ਐਲੋਨ ਮਸਕ ਅਜਿਹੀ ਸਥਿਤੀ ਵਿਚ ਹਾਂ, ਜਿੱਥੇ ਅਸੀਂ ਲੱਖਾਂ ਗੈਰ-ਚੁਣੇ ਹੋਏ ਸੰਘੀ ਨੌਕਰਸ਼ਾਹਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਹਾਂ। ਇਸ ਤਰ੍ਹਾਂ ਅਸੀਂ ਦੇਸ਼ ਨੂੰ ਬਚਾਵਾਂਗੇ।
ਉਨ੍ਹਾਂ ਕਿਹਾ, ”ਪਿਛਲੇ 4 ਸਾਲਾਂ ਵਿਚ ਸਾਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ ਕਿ ਸਾਡਾ ਰਾਸ਼ਟਰ ਪਤਨ ਵਿਚ ਹੈ, ਅਸੀਂ ਪ੍ਰਾਚੀਨ ਰੋਮਨ ਸਾਮਰਾਜ ਦੇ ਅੰਤ ਵਿਚ ਹਾਂ। …ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡਾ ਰਾਸ਼ਟਰ ਪਤਨ ਵਿਚ ਹੈ। ਮੈਨੂੰ ਲੱਗਦਾ ਹੈ ਕਿ ਪਿਛਲੇ ਹਫ਼ਤੇ ਜੋ ਕੁੱਝ ਹੋਇਆ, ਉਸ ਨਾਲ ਅਸੀਂ ਇੱਕ ਵਾਰ ਫਿਰ ਤੋਂ ਉਭਰ ਰਿਹਾ ਰਾਸ਼ਟਰ ਬਣ ਗਏ ਹਾਂ। ਇੱਕ ਅਜਿਹਾ ਰਾਸ਼ਟਰ, ਜਿਸ ਦੇ ਵਧੀਆ ਦਿਨ ਆਉਣ ਵਾਲੇ ਹਨ।’
ਇਸ ਦੌਰਾਨ, ਮਸਕ ਅਤੇ ਰਾਮਾਸਵਾਮੀ ਨੇ ਘੋਸ਼ਣਾ ਕੀਤੀ ਕਿ ਉਹ ਸਰਕਾਰੀ ਕੁਸ਼ਲਤਾ ਮੰਤਰਾਲਾ (ਡੀ.ਓ.ਜੀ.ਈ.) ਦੇ ਕੰਮਾਂ ਦੀ ਤਰੱਕੀ ‘ਤੇ ਅਮਰੀਕੀ ਜਨਤਾ ਨੂੰ ਅਪਡੇਟ ਕਰਨ ਲਈ ਹਰ ਹਫ਼ਤੇ ‘ਲਾਈਵਸਟ੍ਰੀਮ’ ਕਰਨਗੇ। ਰਾਮਾਸਵਾਮੀ ਨੇ ਕਿਹਾ, ”ਡੀ.ਓ.ਜੀ.ਈ. ਦਾ ਕੰਮ ਇੱਕ ਅਜਿਹੀ ਸਰਕਾਰ ਬਣਾਉਣਾ ਹੈ, ਜਿਸ ਦਾ ਆਕਾਰ ਅਤੇ ਦਾਇਰਾ ਅਜਿਹਾ ਹੋਵੇ, ਜਿਸ ‘ਤੇ ਸਾਡੇ ਸੰਸਥਾਪਕਾਂ ਨੂੰ ਮਾਣ ਹੋਵੇ। ਮੈਂ ਅਤੇ ਐਲੋਨ ਮਸਕ ਨਵੇਂ ਚੁਣੇ ਗਏ ਰਾਸ਼ਟਰਪਤੀ ਟਰੰਪ ਵੱਲੋਂ ਸਾਨੂੰ ਦਿੱਤੇ ਗਏ ਆਦੇਸ਼ ਨੂੰ ਪੂਰਾ ਕਰਨ ਲਈ ਤਿਆਰ ਹਾਂ।’ ਉਸ ਨੇ ਦਲੀਲ ਦਿੱਤੀ ਕਿ ਬਹੁਤ ਜ਼ਿਆਦਾ ਨੌਕਰਸ਼ਾਹੀ ਦਾ ਮਤਲਬ ਹੈ ਘੱਟ ਨਵੀਨਤਾ ਅਤੇ ਜ਼ਿਆਦਾ ਖਰਚੇ। ਉਹ (ਨੌਕਰਸ਼ਾਹ) ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਕਿਵੇਂ ਉਨ੍ਹਾਂ ਦੇ ਰੋਜ਼ਾਨਾ ਫੈਸਲੇ ਨਵੀਨਤਾ ਨੂੰ ਰੋਕਦੇ ਹਨ ਅਤੇ ਲਾਗਤਾਂ ਨੂੰ ਵਧਾਉਂਦੇ ਹਨ, ਜਿਸ ਨਾਲ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ।