ਵਾਸ਼ਿੰਗਟਨ, 10 ਅਕਤੂਬਰ (ਪੰਜਾਬ ਮੇਲ)- ਅਮਰੀਕਾ ਵਿਚ ਮੱਧਕਾਲੀ ਚੋਣਾਂ ਨੇੜੇ ਆਉਣ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਪ੍ਰਵਾਸੀਆਂ ਵਿਰੁੱਧ ਕਾਰਵਾਈ ਹੋਰ ਤੇਜ਼ ਕਰਨ ਵੱਲ ਵਧ ਰਿਹਾ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ, ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰੋਜ਼ਾਨਾ ਇੱਕ ਹਜ਼ਾਰ ਹੋਰ ਲੋਕ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ। ਇਸ ਨਾਲ ਰੋਜ਼ਾਨਾ ਗ੍ਰਿਫ਼ਤਾਰੀਆਂ ਦਾ ਟੀਚਾ ਮੁੜ ਤਿੰਨ ਹਜ਼ਾਰ ਹੋ ਜਾਵੇਗਾ।
ਇਸ ਮੌਖਿਕ ਹਦਾਇਤ ਬਾਰੇ ਜਾਣਕਾਰੀ ਰੱਖਣ ਵਾਲੇ ਦੋ ਸੂਤਰਾਂ ਨੇ ਦੱਸਿਆ ਕਿ ਦੇਸ਼ ਭਰ ਦੇ ਆਈਸ ਅਧਿਕਾਰੀਆਂ ਨੂੰ ਕਾਰਵਾਈ ਵਧਾਉਣ ਲਈ ਕਿਹਾ ਗਿਆ ਹੈ। ਹਾਲ ਹੀ ਵਿਚ ਏਜੰਸੀ ਔਸਤਨ ਰੋਜ਼ਾਨਾ ਕਰੀਬ ਦੋ ਹਜ਼ਾਰ ਲੋਕਾਂ ਨੂੰ ਹਿਰਾਸਤ ਵਿਚ ਲੈ ਰਹੀ ਸੀ। ਰਿਪੋਰਟ ਅਨੁਸਾਰ, ਹਫ਼ਤੇ ਵਿਚ ਲਗਭਗ 19 ਹਜ਼ਾਰ ਗ੍ਰਿਫ਼ਤਾਰੀਆਂ ਕਰਨ ਦਾ ਟੀਚਾ ਵੀ ਦਿੱਤਾ ਗਿਆ ਹੈ। ਹਫ਼ਤੇ ਦੇ ਅਖੀਰ ਵਿਚ ਘੱਟ ਅਧਿਕਾਰੀ ਮੈਦਾਨ ਵਿਚ ਹੋਣ ਕਾਰਨ ਗ੍ਰਿਫ਼ਤਾਰੀਆਂ ਆਮ ਤੌਰ ‘ਤੇ ਘੱਟ ਹੁੰਦੀਆਂ ਹਨ।
ਦੂਜੇ ਪਾਸੇ, ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਗ੍ਰਿਫ਼ਤਾਰੀਆਂ ਲਈ ਕੋਈ ਲਾਜ਼ਮੀ ਗਿਣਤੀ ਤੈਅ ਹੋਣ ਤੋਂ ਇਨਕਾਰ ਕੀਤਾ ਹੈ। ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਏਜੰਸੀ ਕਾਨੂੰਨ ਅਧੀਨ ਉਪਲਬਧ ਸਾਧਨਾਂ ਨਾਲ ਦੇਸ਼ ਵਿਚ ਗੈਰਕਾਨੂੰਨੀ ਤੌਰ ‘ਤੇ ਰਹਿੰਦੇ ਲੋਕਾਂ ਨੂੰ ਲੱਭਣ, ਗ੍ਰਿਫ਼ਤਾਰ ਕਰਨ ਅਤੇ ਵਾਪਸ ਭੇਜਣ ਦੀ ਕਾਰਵਾਈ ਕਰ ਰਹੀ ਹੈ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਚਾ ਪੂਰਾ ਨਾ ਹੋਣ ‘ਤੇ ਕਰਮਚਾਰੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ।
ਇਨ੍ਹਾਂ ਕਾਰਵਾਈਆਂ ਨੂੰ ਲੈ ਕੇ ਕੁਝ ਰਿਪਬਲਿਕਨ ਆਗੂ ਵੀ ਚਿੰਤਾ ਪ੍ਰਗਟ ਕਰ ਰਹੇ ਹਨ। ਖ਼ਾਸ ਤੌਰ ‘ਤੇ ਅਜਿਹੇ ਪ੍ਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਉੱਤੇ ਸਵਾਲ ਉੱਠ ਰਹੇ ਹਨ, ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਖੇਤੀਬਾੜੀ ਨਾਲ ਜੁੜੇ ਕਾਰੋਬਾਰਾਂ ਨੇ ਵੀ ਕਿਹਾ ਹੈ ਕਿ ਵਧੀਆਂ ਕਾਰਵਾਈਆਂ ਕਾਰਨ ਉਨ੍ਹਾਂ ਦਾ ਕੰਮ ਪ੍ਰਭਾਵਿਤ ਹੋਇਆ ਹੈ।
ਮੀਡੀਆ ਰਿਪੋਰਟ ਮੁਤਾਬਕ, ਅਗਸਤ ਵਿਚ ਕਰੀਬ 51 ਹਜ਼ਾਰ ਲੋਕ ਹਿਰਾਸਤ ਵਿਚ ਲਏ ਗਏ, ਜਦਕਿ ਜੁਲਾਈ ਵਿਚ ਇਹ ਗਿਣਤੀ 46 ਹਜ਼ਾਰ ਤੋਂ ਵੱਧ ਸੀ। ਵਧਦੀਆਂ ਗ੍ਰਿਫ਼ਤਾਰੀਆਂ ਕਾਰਨ ਲੋਕਾਂ ਨੂੰ ਰੱਖਣ, ਪੁੱਛਗਿੱਛ ਕਰਨ ਅਤੇ ਅਦਾਲਤੀ ਸੁਣਵਾਈਆਂ ਲਈ ਆਰਜ਼ੀ ਥਾਵਾਂ ਬਣਾਉਣ ਵਾਸਤੇ ਠੇਕੇਦਾਰਾਂ ਦੀ ਮਦਦ ਵੀ ਮੰਗੀ ਗਈ ਹੈ।
ਰਿਪੋਰਟ ਵਿਚ ਗੱਡੀਆਂ ਰੋਕਣ ਸੰਬੰਧੀ ਹਦਾਇਤਾਂ ਦਾ ਵੀ ਜ਼ਿਕਰ ਹੈ। ਇਨ੍ਹਾਂ ਅਨੁਸਾਰ, ਸੰਬੰਧਿਤ ਸਿਖਲਾਈ ਪੂਰੀ ਕਰਨ ਵਾਲੇ ਅਧਿਕਾਰੀ ਹੀ ਗੱਡੀਆਂ ਰੋਕ ਸਕਣਗੇ ਅਤੇ ਉਨ੍ਹਾਂ ਦੀਆਂ ਗੱਡੀਆਂ ਵਿਚ ਬੱਤੀਆਂ ਤੇ ਸਾਇਰਨ ਹੋਣੇ ਚਾਹੀਦੇ ਹਨ। ਏਜੰਸੀ ਨੇ ਇਸ ਨੂੰ ਪਹਿਲਾਂ ਤੋਂ ਮੌਜੂਦ ਹਦਾਇਤਾਂ ਦੀ ਯਾਦ ਦਿਵਾਉਣ ਵਾਲਾ ਕਦਮ ਦੱਸਿਆ ਹੈ।
ਮੱਧਕਾਲੀ ਚੋਣਾਂ ਤੋਂ ਪਹਿਲਾਂ ਪ੍ਰਵਾਸੀਆਂ ਦੀਆਂ ਰੋਜ਼ਾਨਾ ਤਿੰਨ ਹਜ਼ਾਰ ਗ੍ਰਿਫ਼ਤਾਰੀਆਂ ਦਾ ਟੀਚਾ: ਰਿਪੋਰਟ

