ਸੈਕਰਾਮੈਂਟੋ, 2 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇੱਕ ਨਵੇਂ ਰਾਸ਼ਟਰੀ ਸਰਵੇਖਣ ਦੇ ਅਨੁਸਾਰ ਭਾਰਤੀ ਅਮਰੀਕੀ ਵੋਟਰਾਂ ਵਿਚ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਲਈ ਭਾਰੀ ਉਤਸ਼ਾਹ ਹੈ ਤੇ ਉਹ ਡੈਮੋਕ੍ਰੇਟਿਕ ਉਮੀਦਵਾਰਾਂ ਵੱਲ ਸਪੱਸ਼ਟ ਝੁਕਾਅ ਰੱਖਦੇ ਹਨ। ਏਸ਼ੀਅਨ ਅਮਰੀਕੀ ਵੋਟਰ ਸਰਵੇਖਣ ਵਿਚ ਪਾਇਆ ਗਿਆ ਕਿ 92 ਪ੍ਰਤੀਸ਼ਤ ਭਾਰਤੀ ਅਮਰੀਕੀ ਰਜਿਸਟਰਡ ਵੋਟਰਾਂ ਨੇ ਨਵੰਬਰ ਵਿਚ ਵੋਟ ਪਾਉਣ ਦੀ ਯੋਜਨਾ ਬਣਾਈ ਹੈ। ਭਾਰਤੀ ਭਾਈਚਾਰੇ ਨੇ ਸੈਨੇਟ ਅਤੇ ਪ੍ਰਤੀਨਿੱਧ ਸਦਨ ਦੋਵਾਂ ਮੁਕਾਬਲਿਆਂ ਵਿਚ ਡੈਮੋਕ੍ਰੇਟਿਕ ਉਮੀਦਵਾਰਾਂ ਪ੍ਰਤੀ ਇੱਕ ਮਜ਼ਬੂਤ ਤਰਜੀਹ ਦਿਖਾਈ ਹੈ। ਬਹੁਗਿਣਤੀ ਭਾਰਤੀਆਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਵਿਰੁੱਧ ਵੋਟ ਦੇਣਗੇ ਤੇ ਸਾਫ ਹੈ ਕਿ ਉਨ੍ਹਾਂ ਦੀ ਤਰਜੀਹ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹਨ। 66% ਭਾਰਤੀ-ਅਮਰੀਕੀ ਵੋਟਰਾਂ ਨੇ ਡੈਮੋਕ੍ਰੇਟਿਕ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ, ਜਦੋਂਕਿ 22 ਪ੍ਰਤੀਸ਼ਤ ਨੇ ਰਿਪਬਲਿਕਨਾਂ ਨੂੰ ਤਰਜੀਹ ਦਿੱਤੀ ਹੈ, ਜਦਕਿ 7 ਪ੍ਰਤੀਸ਼ਤ ਨੇ ਹੋਰ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ। ਸਰਵੇਖਣ ਵਿਚ ਭਾਰਤੀ-ਅਮਰੀਕੀ ਵੋਟਰਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਤੀ ਬਹੁਤ ਹੱਦ ਤੱਕ ਨਕਾਰਾਤਮਕ ਨਜ਼ਰੀਆ ਪਾਇਆ ਗਿਆ ਹੈ। 74 ਪ੍ਰਤੀਸ਼ਤ ਨੇ ਟਰੰਪ ਨੂੰ ਪ੍ਰਤੀਕੂਲ ਨਜ਼ਰ ਨਾਲ ਦੇਖਿਆ, ਜਿਸ ਵਿਚੋਂ 56 ਪ੍ਰਤੀਸ਼ਤ ਨੇ ਬਹੁਤ ਹੀ ਪ੍ਰਤੀਕੂਲ ਰਾਏ ਰੱਖੀ ਹੈ, ਜਦਕਿ ਵੀਹ ਪ੍ਰਤੀਸ਼ਤ ਟਰੰਪ ਪ੍ਰਤੀ ਅਨੁਕੂਲ ਨਜ਼ਰੀਆ ਰੱਖਦੇ ਹਨ। ਸਰਵੇਖਣ ਅਨੁਸਾਰ 55 ਪ੍ਰਤੀਸ਼ਤ ਨੇ ਕਿਹਾ ਕਿ ਉਨ੍ਹਾਂ ਨੇ ਪੋਲਿੰਗ ਸਥਾਨ ‘ਤੇ ਵੋਟ ਪਾਉਣ ਦੀ ਯੋਜਨਾ ਬਣਾਈ ਹੈ, ਜਦੋਂਕਿ 34 ਪ੍ਰਤੀਸ਼ਤ ਨੇ ਡਾਕ ਰਾਹੀਂ ਵੋਟ ਪਾਉਣ ਨੂੰ ਤਰਜੀਹ ਦਿੱਤੀ ਹੈ ਅਤੇ 8 ਪ੍ਰਤੀਸ਼ਤ ਨੇ ਬੈਲਟ ਡਰਾਪ ਸਥਾਨ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ। ਤਿੰਨ-ਚੌਥਾਈ ਭਾਰਤੀ-ਅਮਰੀਕੀ ਨਾਗਰਿਕਾਂ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਰਾਜਨੀਤੀ ‘ਤੇ ਚਰਚਾ ਕੀਤੀ ਹੈ। 19 ਪ੍ਰਤੀਸ਼ਤ ਭਾਰਤੀਆਂ ਨੇ ਟਰੰਪ ਵਿਰੋਧੀ ਪ੍ਰਦਰਸ਼ਨਾਂ, ਮਾਰਚ, ਜਾਂ ਰੈਲੀਆਂ ਵਿਚ ਹਿੱਸਾ ਲਿਆ ਹੈ। ਵਿਆਪਕ ਸਰਵੇਖਣ ਦੌਰਾਨ ਰਹਿਣ-ਸਹਿਣ ਦੀ ਲਾਗਤ ਅਤੇ ਮਹਿੰਗਾਈ ਪ੍ਰਮੁੱਖ ਮੁੱਦੇ ਵਜੋਂ ਉਭਰੇ ਹਨ। ਸਰਵੇਖਣ ਵਿਚ 2,066 ਰਜਿਸਟਰਡ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ 1,896 ਏਸ਼ੀਆਈ ਅਮਰੀਕੀ ਅਤੇ 170 ਪ੍ਰਸ਼ਾਂਤ ਟਾਪੂ ਵਾਸੀ ਸ਼ਾਮਲ ਹਨ। ਮੱਧਕਾਲੀ ਚੋਣਾਂ ਰਾਸ਼ਟਰਪਤੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੇ ਅੱਧ ਵਿਚਕਾਰ ਹੁੰਦੀਆਂ ਹਨ, ਜਿਨ੍ਹਾਂ ਤੋਂ ਸਰਕਾਰ ਪ੍ਰਤੀ ਲੋਕਾਂ ਦੀ ਸੋਚ ਦਾ ਪਤਾ ਲੱਗਦਾ ਹੈ।
ਮੱਧਕਾਲੀ ਚੋਣਾਂ ‘ਚ ਜ਼ਿਆਦਾਤਰ ਭਾਰਤੀਆਂ ਦਾ ਝੁਕਾਅ ਡੈਮੋਕ੍ਰੇਟਿਕ ਉਮੀਦਵਾਰਾਂ ਵੱਲ

