ਚੰਡੀਗੜ੍ਹ, 28 ਜੂਨ (ਪੰਜਾਬ ਮੇਲ)- ਪੰਜਾਬ ਵਿੱਚ ਅੱਜ ਅਧਿਕਾਰਤ ਤੌਰ ’ਤੇ ਮੌਨਸੂਨ ਦਾਖਲ ਹੋ ਗਿਆ ਹੈ ਅਤੇ ਅਗਲੇ ਦੋ-ਤਿੰਨ ਦਿਨ ਅੰਦਰ ਇਹ ਸਾਰੇ ਪੰਜਾਬ ਤੇ ਹਰਿਆਣਾ ਨੂੰ ਆਪਣੇ ਕਲਾਵੇ ਵਿੱਚ ਲੈ ਲਵੇਗਾ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਤੜਕੇ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਜਿਸ ਨਾਲ ਤਾਪਮਾਨ ਵਿੱਚ ਆਮ ਨਾਲੋਂ 8.3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੰਗਰੂਰ ਵਿੱਚ ਸਭ ਤੋਂ ਵੱਧ 71.5 ਐੱਮਐੱਮ ਮੀਂਹ ਪਿਆ ਹੈ। ਸੰਗਰੂਰ ’ਚ ਵੱਧ ਤੋਂ ਵੱਧ ਤਾਪਮਾਨ 30.9 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਠਾਨਕੋਟ ਰਾਹੀਂ ਮੌਨਸੂਨ ਦਾਖਲ ਹੋ ਚੁੱਕਿਆ ਹੈ, ਜੋ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਛਾ ਜਾਵੇਗਾ। ਉਨ੍ਹਾਂ ਪੰਜਾਬ ’ਚ 28, 29, 30 ਜੂਨ ਅਤੇ 1 ਜੁਲਾਈ ਨੂੰ ਮੀਂਹ ਪੈਣ, ਬਿਜਲੀ ਲਿਸ਼ਕਣ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਲੰਘੀ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ ਪਰ ਜ਼ਿਆਦਾਤਰ ਸ਼ਹਿਰਾਂ ਵਿੱਚ ਤੜਕੇ ਮੀਂਹ ਪੈਣਾ ਸ਼ੁਰੂ ਹੋਇਆ ਹੈ। ਅਤਿ ਦੀ ਗਰਮੀ ਤੋਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ, ਪਰ ਕਈਆਂ ਲਈ ਇਹ ਮੀਂਹ ਆਫਤ ਬਣ ਗਿਆ ਹੈ। ਮੀਂਹ ਕਰਕੇ ਸੰਗਰੂਰ, ਲੁਧਿਆਣਾ, ਪਟਿਆਲਾ, ਮੋਗਾ ਤੇ ਹੋਰ ਕਈ ਸ਼ਹਿਰ ਜਲਥਲ ਹੋ ਗਏ। ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋ ਗਿਆ, ਸ਼ਹਿਰ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਮੀਂਹ ਪੈਣ ਕਰਕੇ ਕਿਸਾਨਾਂ ਦੇ ਚਿਹਰੇ ਖਿੜ ਗਏ। ਇਹ ਮੀਂਹ ਖੇਤੀਬਾੜੀ ਲਈ ਵਰਦਾਨ ਸਾਬਤ ਹੋਵੇਗੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਲੁਧਿਆਣਾ ਵਿੱਚ 20.6 ਐੱਮਐੱਮ, ਪਟਿਆਲਾ ਵਿੱਚ 15 ਐੱਮਐੱਮ, ਪਠਾਨਕੋਟ ਵਿੱਚ ਇਕ ਐੱਮਐੱਮ, ਗੁਰਦਾਸਪੁਰ ਵਿੱਚ 7.9 ਐੱਮਐੱਮ, ਬਰਨਾਲਾ ਵਿੱਚ 14 ਐੱਮਐੱਮ, ਫਰੀਦਕੋਟ ਵਿੱਚ 6 ਐੱਮਐੱਮ, ਫਤਹਿਗੜ੍ਹ ਸਾਹਿਬ ਵਿੱਚ ਇਕ ਐੱਮਐੱਮ, ਨਵਾਂ ਸ਼ਹਿਰ ਵਿੱਚ 7 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਬਠਿੰਡਾ, ਮੋਗਾ ਤੇ ਹੋਰਨਾਂ ਸ਼ਹਿਰਾਂ ਵਿੱਚ ਵੀ ਮੀਂਹ ਪਿਆ ਹੈ।