ਕਿਹਾ: ਮੇਰਾ ਦੇਸ਼ ਵਿਕਰੀ ਲਈ ਨਹੀਂ
ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਬੀਤੇ ਦਿਨੀਂ ਆਪਣੀ ਵਾਸ਼ਿੰਗਟਨ ਸਥਿਤ ਵ੍ਹਾਈਟ ਹਾਊਸ ਦੀ ਪਹਿਲੀ ਫੇਰੀ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਨੂੰ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਮੇਰਾ ਦੇਸ਼ ਵਿਕਰੀ ਲਈ ਨਹੀਂ ਹੈ। ਉਹ ਟਰੰਪ ਵਿਰੋਧੀ ਮੰਚ ‘ਤੇ ਚੁਣੇ ਜਾਣ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰ ਰਹੇ ਹਨ ਕਿਉਂਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਵੇਲੇ ਸੰਬੰਧ ਇਤਿਹਾਸਕ ਤੌਰ ‘ਤੇ ਬਹੁਤ ਕਮਜ਼ੋਰ ਹਨ। ਮਾਰਕ ਕਾਰਨੀ ਨੇ ਟਰੰਪ ਨੂੰ ਇਹ ਵੀ ਸਾਫ ਕਰ ਦਿੱਤਾ ਕਿ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਨਹੀਂ ਬਣੇਗਾ। ਦੋਵਾਂ ਮੁਲਕਾਂ ਦੇ ਮੁਖੀਆਂ ਦੀ ਅਹਿਮ ਮੁਲਾਕਾਤ ਦਾ ਮੁੱਖ ਏਜੰਡਾ ਇਹੀ ਸੀ ਕਿ ਬਿਨਾਂ ਸ਼ੱਕ ਕੈਨੇਡਾ 51ਵਾਂ ਰਾਜ ਨਹੀਂ ਬਣ ਸਕੇਗਾ। ਇਸ ਲਈ ਇਸ ਮਾਮਲੇ ‘ਚ ਖਾਹ-ਮਖਾਹ ਤਣਾਅ ਤੇ ਲੜਾਈ ‘ਚ ਜਨਤਕ ਤੌਰ ‘ਤੇ ਬਚਿਆ ਜਾਵੇ।
ਕਾਰਨੀ ਨੇ ਟਰੰਪ ਨੂੰ ਦੱਸਿਆ ਕਿ ਜਿਵੇਂ ਤੁਸੀਂ ਰੀਅਲ ਅਸਟੇਟ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਤੇ ਕੁਝ ਥਾਵਾਂ ਅਜਿਹੀਆਂ ਹਨ, ਜੋ ਵਿਕਰੀ ਲਈ ਨਹੀਂ ਹੁੰਦੀਆਂ। ਇਸ ਦੇ ਜਵਾਬ ‘ਚ ਟਰੰਪ ਦੀ ਪ੍ਰਤੀਕਿਰਿਆ ਸੀ ‘ਕਦੇ ਵੀ’ ਨਾ ਕਹੋ ‘ਸਮਾਂ ਦੱਸੇਗਾ’। ਪਰ ਉਹ ਕਾਰਨੀ ਨਾਲ ਲੜਾਈ ਨਹੀਂ ਰੱਖਣਾ ਚਾਹੁੰਦੇ, ਹਾਲੇ ਤਾਂ ਹੁਣੇ-ਹੁਣੇ ਤੁਸੀਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਇਸ ਵੇਲੇ ਆਪਣੇ ਵਪਾਰਕ ਭਾਈਵਾਲ ਗੁਆਂਢੀ ਦੇਸ਼ਾਂ ਮੈਕਸੀਕੋ ਤੇ ਕੈਨੇਡਾ ਨਾਲ ਸਬੰਧ ਬਹੁਤ ਹੇਠਲੇ ਪੱਧਰ ‘ਤੇ ਚੱਲ ਰਹੇ ਹਨ, ਕਿਉਂਕਿ ਉਨ੍ਹਾਂ ਨੇ ਕੈਨੇਡੀਅਨ ਸਾਮਾਨ ‘ਤੇ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ ਤੇ ਉਨ੍ਹਾਂ ਦੇ ਲਗਾਤਾਰ ਟਾਲ-ਮਟੋਲ ਕਾਰਨ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਕਾਰਨੀ ਦੇ ਵ੍ਹਾਈਟ ਹਾਊਸ ਪਹੁੰਚਣ ਤੋਂ ਇਕ ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਟਰੰਪ ਨੇ ‘ਟਰੂਥ’ ਸੋਸ਼ਲ ‘ਤੇ ਇਕ ਜੰਗੀ ਪੋਸਟ ਵਿਚ ਕੈਨੇਡਾ ‘ਤੇ ਤਿੱਖਾ ਹਮਲਾ ਬੋਲਿਆ ਅਤੇ ਆਪਣੀਆਂ ਅਕਸਰ ਕੀਤੀਆਂ ਜਾਣ ਵਾਲੀਆਂ ਆਲੋਚਨਾਵਾਂ ਨੂੰ ਦੁਹਰਾਇਆ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਸਾਨੂੰ ਉਨ੍ਹਾਂ ਦੀ ਦੋਸਤੀ ਤੋਂ ਇਲਾਵਾ ਉਨ੍ਹਾਂ ਕੋਲੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੈ ਤੇ ਉਮੀਦ ਹੈ ਕਿ ਅਸੀਂ ਇਹ ਹਮੇਸ਼ਾ ਬਣਾਈ ਰੱਖਾਂਗੇ।
ਟਰੰਪ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਸਾਡੇ ਤੋਂ ਸਭ ਕੁਝ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਉਹ ਕੈਨੇਡਾ ਨਾਲ ਕੰਮ ਕਰਨਾ ਬਹੁਤ ਚਾਹੁੰਦਾ ਹੈ ਪਰ ਇਹ ਸੱਚਾਈ ਸਮਝ ਨਹੀਂ ਆ ਰਹੀ ਕਿ ਅਮਰੀਕਾ, ਕੈਨੇਡਾ ਨੂੰ ਹਰ ਸਾਲ 200 ਬਿਲੀਅਨ ਡਾਲਰ ਦੀ ਸਬਸਿਡੀ ਕਿਉਂ ਦੇ ਰਿਹਾ ਹੈ, ਉਨ੍ਹਾਂ ਨੂੰ ਮੁਫ਼ਤ ਫੌਜੀ ਸੁਰੱਖਿਆ ਦੇਣ ਤੋਂ ਇਲਾਵਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਕਿਉਂ ਦੇ ਰਿਹਾ ਹੈ? ਹਾਲਾਂਕਿ ਓਵਲ ਦਫ਼ਤਰ ਵਿਚ ਮੁਲਾਕਾਤ ਸਮੇਂ ਟਰੰਪ ਨੇ ਬਹੁਤ ਜ਼ਿਆਦਾ ਸੁਲ੍ਹਾ-ਸਫਾਈ ਵਾਲਾ ਲਹਿਜ਼ਾ ਅਪਣਾਇਆ ਤੇ ਕਾਰਨੀ ਨੂੰ ਉਨ੍ਹਾਂ ਦੀ ਚੋਣ ‘ਚ ਜਿੱਤ ‘ਤੇ ਵਧਾਈ ਦਿੱਤੀ, ਉਨ੍ਹਾਂ ਵੱਲੋਂ ਚਲਾਈ ਗਈ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਰਾਜਨੀਤੀ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਵਾਪਸੀ ਕਿਹਾ। ਕੈਨੇਡਾ ਤੇ ਅਮਰੀਕਾ, ਮੈਕਸੀਕੋ ਨਾਲ, ਇਕ ਮੁਕਤ-ਵਪਾਰ ਸਮਝੌਤਾ ਸਾਂਝਾ ਕਰਦੇ ਹਨ ਜੋ ਹੁਣ ਬੁਰੀ ਤਰਾਂ ਤਬਾਹ ਹੋ ਰਿਹਾ ਹੈ ਪਰ ਟਰੰਪ ਇਹ ਕਹਿ ਰਿਹਾ ਹੈ ਕਿ ਕੈਨੇਡਾ ਨਾਲ ਵਪਾਰ, ਕੈਨੇਡਾ ਲਈ ਹੀ ਲਾਹੇਵੰਦ ਹੈ ਅਮਰੀਕਾ ਨੂੰ ਤਾਂ ਨੁਕਸਾਨ ਪਹੁੰਚਾਉਂਦਾ ਹੈ। ਕਾਰਨੇ ਨੇ ਕਿਹਾ ਕਿ ਦੋਵਾਂ ਵਿਚਕਾਰ ਚਰਚਾ ਲਈ ਸਮਾਂ ਲੱਗੇਗਾ ਅਤੇ ਇਹ ਵਪਾਰਕ ਮੁੱਦਿਆਂ ਤੋਂ ਪਰ੍ਹੇ ਸੁਰੱਖਿਆ ਅਤੇ ਰੱਖਿਆ ਵਰਗੇ ਹੋਰ ਖੇਤਰਾਂ ਨੂੰ ਵੀ ਸ਼ਾਮਲ ਕਰਨੇ ਹੋਣਗੇ।
ਮਾਰਕ ਕਾਰਨੀ ਨੇ ਟਰੰਪ ਨੂੰ ਕਿਹਾ; ‘ਕੈਨੇਡਾ ਕਦੇ ਨਹੀਂ ਬਣੇਗਾ ਅਮਰੀਕਾ ਦਾ 51ਵਾਂ ਰਾਜ’
