-ਭਾਰਤ-ਪਾਕਿ ਮੈਚ ਪੰਜ ਸਤੰਬਰ ਨੂੰ
ਦੁਬਈ, 7 ਅਗਸਤ (ਪੰਜਾਬ ਮੇਲ)- ਏਸ਼ਿਆਈ ਕ੍ਰਿਕਟ ਕੌਂਸਲ ਨੇ ਜਾਣਕਾਰੀ ਦਿੱਤੀ ਕਿ ਮਹਿਲਾ ਟੀ-20 ਏਸ਼ੀਆ ਕੱਪ ਵਿਚ ਭਾਰਤ ਦਾ ਮੁਕਾਬਲਾ 5 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਅੱਠ ਟੀਮਾਂ ਵਾਲਾ ਇਹ ਟੂਰਨਾਮੈਂਟ 28 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ ਇਹ 13 ਸਤੰਬਰ ਤੱਕ ਜਾਰੀ ਰਹੇਗਾ, ਜਿਸ ਦਾ ਪਹਿਲਾ ਮੁਕਾਬਲਾ ਗਰੁੱਪ ਏ ਤਹਿਤ ਹਾਂਗਕਾਂਗ ਅਤੇ ਥਾਈਲੈਂਡ ਵਿਚਕਾਰ ਖੇਡਿਆ ਜਾਵੇਗਾ। ਗਰੁੱਪ ਏ ਵਿਚ ਭਾਰਤ, ਪਾਕਿਸਤਾਨ, ਥਾਈਲੈਂਡ, ਹਾਂਗਕਾਂਗ ਅਤੇ ਚੀਨ ਨੂੰ ਰੱਖਿਆ ਗਿਆ ਹੈ। ਮੌਜੂਦਾ ਚੈਂਪੀਅਨ ਸ੍ਰੀਲੰਕਾ, ਬੰਗਲਾਦੇਸ਼, ਯੂ.ਏ.ਈ. ਅਤੇ ਇੰਡੋਨੇਸ਼ੀਆ ਨੂੰ ਗਰੁੱਪ ਬੀ ਵਿਚ ਰੱਖਿਆ ਗਿਆ ਹੈ।
ਮਹਿਲਾ ਏਸ਼ੀਆ ਕੱਪ ਦਾ ਇਹ ਛੇਵਾਂ ਐਡੀਸ਼ਨ ਟੀ-20 ਫਾਰਮੈਟ ਵਿਚ ਖੇਡਿਆ ਜਾਵੇਗਾ, ਜਿਸ ਵਿਚ ਟੀਮਾਂ ਸਿੰਗਲ ਰਾਊਂਡ-ਰੌਬਿਨ ਗਰੁੱਪ ਸਟੇਜ ਵਿਚ ਆਪਸ ਵਿਚ ਮੁਕਾਬਲਾ ਕਰਨਗੀਆਂ। ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ, ਜੋ ਕਿ 10 ਸਤੰਬਰ (ਏ-1 ਬਨਾਮ ਬੀ-2) ਅਤੇ 11 ਸਤੰਬਰ (ਏ-2 ਬਨਾਮ ਬੀ-1) ਨੂੰ ਖੇਡੇ ਜਾਣਗੇ, ਜਦਕਿ ਫ਼ਾਈਨਲ ਮੁਕਾਬਲਾ 13 ਸਤੰਬਰ ਨੂੰ ਹੋਵੇਗਾ। ਗਰੁੱਪ ਬੀ ਵਿਚ ਸ੍ਰੀਲੰਕਾ ਦਾ ਮੁਕਾਬਲਾ 6 ਸਤੰਬਰ ਨੂੰ ਬੰਗਲਾਦੇਸ਼ ਨਾਲ ਹੋਵੇਗਾ, ਜਦਕਿ ਮੇਜ਼ਬਾਨ ਯੂ.ਏ.ਈ. ਅਤੇ ਇੰਡੋਨੇਸ਼ੀਆ ਇਸ ਪੂਲ ਦੀਆਂ ਬਾਕੀ ਟੀਮਾਂ ਹਨ।
ਸ੍ਰੀਲੰਕਾ ਇਸ ਟੂਰਨਾਮੈਂਟ ਵਿਚ ਮੌਜੂਦਾ ਚੈਂਪੀਅਨ ਵਜੋਂ ਉਤਰੇਗਾ, ਜਦਕਿ ਬੰਗਲਾਦੇਸ਼ ਨੇ 2018 ਵਿਚ ਇਹ ਖ਼ਿਤਾਬ ਜਿੱਤਿਆ ਸੀ। ਭਾਰਤ ਇਸ ਮੁਕਾਬਲੇ ਵਿਚ ਸਭ ਤੋਂ ਸਫ਼ਲ ਟੀਮ ਬਣਿਆ ਹੋਇਆ ਹੈ, ਜਿਸ ਨੇ ਸੱਤ ਵਾਰ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ, ਜਿਸ ਵਿਚ ਚਾਰ ਵਾਰ ਵਨਡੇਅ ਫਾਰਮੈਟ (2004-08) ਅਤੇ ਤਿੰਨ ਵਾਰ ਟੀ-20 ਫਾਰਮੈਟ (2012, 2016 ਅਤੇ 2022) ਸ਼ਾਮਲ ਹਨ।
ਮਹਿਲਾ ਟੀ-20 ਏਸ਼ੀਆ ਕੱਪ 28 ਅਗਸਤ ਤੋਂ; 13 ਸਤੰਬਰ ਤੱਕ ਹੋਣਗੇ ਮੁਕਾਬਲੇ

