-9 ਅਕਤੂਬਰ, 2026 ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼
ਚੰਡੀਗੜ੍ਹ, 8 ਅਕਤੂਬਰ (ਪੰਜਾਬ ਮੇਲ)- ਚੰਡੀਗੜ੍ਹ ਦੀ ਪੀ.ਐੱਮ.ਐੱਲ.ਏ. ਅਦਾਲਤ ਨੇ ਮਨੀ ਲਾਂਡਰਿੰਗ ਕੇਸ ਵਿਚ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ 9 ਅਕਤੂਬਰ, 2026 ਲਈ ਨਵੇਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਪੀ.ਐੱਮ.ਐੱਲ.ਏ. ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਅਰਜ਼ੀ ‘ਤੇ ਭੁੱਲਰ ਦੇ ਅੱਜ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਸਨ ਅਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਮੁਲਜ਼ਮ (ਐੱਚ.ਐੱਸ. ਭੁੱਲਰ) ਨੂੰ ਸਰੀਰਕ ਤੌਰ ‘ਤੇ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਸਨ, ਪਰ ਸ਼ਹਿਰ ਵਿਚ ਵੀ.ਵੀ.ਆਈ.ਪੀ. ਦੌਰੇ ਕਾਰਨ ਪੁਲਿਸ ਫੋਰਸ ਦੀ ਉਪਲਬਧਤਾ ਨਾ ਹੋਣ ਕਰਕੇ ਮੁਲਜ਼ਮ ਨੂੰ ਪੇਸ਼ ਨਹੀਂ ਕੀਤਾ ਜਾ ਸਕਿਆ।
ਈ.ਡੀ. ਨੇ 6 ਨਵੰਬਰ, 2025 ਦੀ ਈ.ਸੀ.ਆਈ.ਆਰ. ਉਦੋਂ ਦਰਜ ਕੀਤੀ, ਜਦੋਂ ਸੀ.ਬੀ.ਆਈ. ਵੱਲੋਂ 16 ਅਕਤੂਬਰ, 2025 ਨੂੰ ਬੀ.ਐੱਨ.ਐੱਸ. 2023 ਦੀ ਧਾਰਾ 61(2) ਅਤੇ ਪੀ.ਸੀ. ਐਕਟ 1988 ਦੀਆਂ ਧਾਰਾਵਾਂ 7 ਅਤੇ 7ਏ ਤਹਿਤ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਭੁੱਲਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਮਾਮਲੇ ਵਿਚ ਐੱਫ.ਆਈ.ਆਰ. ਸੀ.ਬੀ.ਆਈ. ਵੱਲੋਂ ਆਕਾਸ਼ ਬੱਤਾ ਦੀ ਸ਼ਿਕਾਇਤ ‘ਤੇ ਦਰਜ ਕੀਤੀ ਗਈ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਭੁੱਲਰ, ਜੋ ਉਸ ਸਮੇਂ ਪੰਜਾਬ ਪੁਲਿਸ ਵਿਚ ਡੀ.ਆਈ.ਜੀ., ਰੋਪੜ ਰੇਂਜ ਵਜੋਂ ਤਾਇਨਾਤ ਸਨ, ਨੇ ਥਾਣਾ ਸਰਹਿੰਦ ਵਿਖੇ ਦਰਜ ਐੱਫ.ਆਈ.ਆਰ. ਵਿਚ ਰਾਹਤ ਦਿਵਾਉਣ ਅਤੇ ਸ਼ਿਕਾਇਤਕਰਤਾ ਦੇ ਕਾਰੋਬਾਰ ਖਿਲਾਫ਼ ਕੋਈ ਸਖ਼ਤ ਕਦਮ ਨਾ ਚੁੱਕਣ ਨੂੰ ਯਕੀਨੀ ਬਣਾਉਣ ਲਈ ਇੱਕ ਨਿੱਜੀ ਵਿਚੋਲੇ ਕ੍ਰਿਸ਼ਾਨੂ ਸ਼ਾਰਦਾ ਰਾਹੀਂ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤ ਮਿਲਣ ਤੋਂ ਬਾਅਦ, ਇੱਕ ਜਾਲ ਵਿਛਾਇਆ ਗਿਆ ਅਤੇ 16 ਅਕਤੂਬਰ, 2025 ਨੂੰ ਸ਼ਿਕਾਇਤਕਰਤਾ ਤੋਂ ਮੰਗੀ ਗਈ ਰਿਸ਼ਵਤ ਦੇ ਹਿੱਸੇ ਵਜੋਂ ਕਥਿਤ ਤੌਰ ‘ਤੇ 5,00,000 ਰੁਪਏ ਲੈਂਦਿਆਂ ਭੁੱਲਰ ਦੇ ਕਥਿਤ ਸਾਥੀ ਕ੍ਰਿਸ਼ਾਨੂ ਸ਼ਾਰਦਾ ਨੂੰ ਸਭ ਤੋਂ ਪਹਿਲਾਂ ਕਾਬੂ ਕੀਤਾ ਗਿਆ। ਉਸੇ ਦਿਨ ਭੁੱਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ 6 ਨਵੰਬਰ 2026 ਨੂੰ ਦਰਜ ਕੀਤੀ ਈ.ਸੀ.ਆਈ.ਆਰ. ਵਿਚ ਮੁਲਜ਼ਮ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ ਸੀ।
ਅਦਾਲਤ ਨੇ ਹੁਕਮ ਵਿਚ ਕਿਹਾ ਹੈ ਕਿ ਮੁਲਜ਼ਮ, ਜੋ ਇਸ ਸਮੇਂ 16 ਅਕਤੂਬਰ, 2025 ਦੀ ਐੱਫ.ਆਈ.ਆਰ. ਵਾਲੇ ਕੇਸ ਦੇ ਟਰਾਇਲ ਵਿਚ ਮਾਡਲ ਜੇਲ੍ਹ, ਚੰਡੀਗੜ੍ਹ ਵਿਖੇ ਨਿਆਂਇਕ ਹਿਰਾਸਤ ਵਿਚ ਹੈ, ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਹਾਲਾਤ ਦੇ ਮੱਦੇਨਜ਼ਰ, ਮੁਲਜ਼ਮ ਨੂੰ ਇਸ ਮਾਮਲੇ ਵਿਚ 9 ਅਕਤੂਬਰ, 2026 ਨੂੰ ਅਦਾਲਤ ਵਿਚ ਸਰੀਰਕ ਤੌਰ ‘ਤੇ ਪੇਸ਼ ਕੀਤਾ ਜਾਵੇ। ਅਦਾਲਤ ਨੇ ਉਸ ਨੂੰ ਪੇਸ਼ ਕਰਨ ਦੇ ਨਿਰਦੇਸ਼ ਦੇ ਨਾਲ 9 ਅਕਤੂਬਰ, 2026 ਲਈ ਉਸ ਦੇ ਨਵੇਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ।
ਮਨੀ ਲਾਂਡਰਿੰਗ ਕੇਸ; ਅਦਾਲਤ ਵੱਲੋਂ ਸਾਬਕਾ ਡੀ.ਆਈ.ਜੀ. ਭੁੱਲਰ ਦੇ ਨਵੇਂ ਪ੍ਰੋਡਕਸ਼ਨ ਵਾਰੰਟ ਜਾਰੀ

