ਕਿਹਾ; ਖ਼ੁਦ ਬਣ ਜਾਓ ‘ਸਿਟ’ ਦੇ ਮੁਖੀ
ਪਟਿਆਲਾ, 19 ਦਸੰਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ‘ਚ ਐੱਸ.ਆਈ.ਟੀ. ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ। ਇਸ ਦੌਰਾਨ ਉਨ੍ਹਾਂ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਹੀ ਐੱਸ.ਆਈ.ਟੀ. ਨੂੰ ਚਲਾ ਰਹੇ ਹਨ, ਜੋ ਕਿ ਮੰਦਭਾਗਾ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਐੱਸ.ਆਈ.ਟੀ. ਮੁਖੀ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੁਖੀ ਦੀ ਸੇਵਾਮੁਕਤੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਅਗਵਾਈ ਹੇਠ ਐੱਸ.ਆਈ.ਟੀ. ਬਣਾ ਲੈਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ। ਜਦੋਂ ਸ਼ਹੀਦੀ ਮਹੀਨਾ ਪੂਰਾ ਹੋਵੇਗਾ, ਉਹ ਹਰ ਗੱਲ ਦਾ ਜਵਾਬ ਦੇਣਗੇ।
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਇੱਕ ਬੱਚੀ ਦੇ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ, ਉਦੋਂ ਉਨ੍ਹਾਂ ਨੂੰ ਸੰਮਨ ਜਾਰੀ ਕਰ ਦਿੱਤੇ ਗਏ। ਮਜੀਠੀਆ ਨੇ ਪੁੱਛਿਆ ਕਿ ਦੋ ਸਾਲ ਤੱਕ ਇਸ ਕੇਸ ਬਾਰੇ ਕੋਈ ਨਹੀਂ ਬੋਲਿਆ, ਸਬੂਤ ਹਨ ਤਾਂ ਅਦਾਲਤ ‘ਚ ਪੇਸ਼ ਕਰੋ, ਸਿਆਸੀਕਰਨ ਕਿਉਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਗ੍ਰਿਫ਼ਤਾਰੀ ਤੋਂ ਨਹੀਂ ਡਰਦੇ ਪਰ ਉਨ੍ਹਾਂ ਦੀ ਇਸ ਪੇਸ਼ੀ ਮੌਕੇ ਪਟਿਆਲਾ ‘ਚ ਲੱਗਿਆ ਪੁਲਿਸ ਕਰਫੂ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਉਨ੍ਹਾਂ ਤੋਂ ਕਿੰਨਾ ਡਰਦੀ ਹੈ।
ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਈ.ਡੀ. ਨੂੰ ਸੱਦਿਆ ਪਰ ਉਹ ਭਗਵੰਤ ਮਾਨ ਦੇ ਜਹਾਜ਼ ‘ਚ ਭੱਜ ਗਏ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਦੇ ਹਨ, ਇਸ ਲਈ ਸਿੱਟ ਅੱਗੇ ਪੇਸ਼ ਹੋਣ ਲਈ ਆਏ ਹਨ। ਮਜੀਠੀਆ ਨੇ ਕਿਹਾ ਕਿ 31 ਤਰੀਕ ਨੂੰ ਸਿੱਟ ਦੇ ਮੁਖੀ ਮੁਖਵਿੰਦਰ ਛੀਨਾ ਦੀ ਸੇਵਾਮੁਕਤੀ ਹੈ ਤੇ ਇਸ ਲਈ ਹੁਣ ਭਗਵੰਤ ਆਪ ਹੀ ਸਿੱਟ ਮੁਖੀ ਬਣ ਕੇ ਆਪਣੀ ਮਰਜ਼ੀ ਕਰ ਲੈਣ।
ਦੱਸਣਯੋਗ ਹੈ ਕਿ 20 ਦਸੰਬਰ 2021 ਨੂੰ ਕਾਂਗਰਸ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮੋਹਾਲੀ ਵਿਚ ਐੱਨ.ਡੀ.ਪੀ.ਐੱਸ. ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ੍ਹ ਗਏ ਸਨ। 10 ਅਗਸਤ 2022 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ਉਹ 11 ਅਗਸਤ ਨੂੰ ਬਾਹਰ ਆ ਗਏ ਸਨ।