ਪੁਲਿਸ ਵੱਲੋਂ ਫ਼ਰਸਟ-ਡਿਗਰੀ ਮਰਡਰ ਦੇ ਦੋਸ਼ ਆਇਦ
ਟੋਰਾਂਟੋ, 10 ਅਗਸਤ (ਪੰਜਾਬ ਮੇਲ)- ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਭਾਰਤੀ ਮੂਲ ਦੀ 30 ਸਾਲਾਂ ਮੁਟਿਆਰ ਹਿਮਾਂਸ਼ੀ ਖੁਰਾਨਾ ਦੇ ਚਰਚਿਤ ਕਤਲ ਮਾਮਲੇ ਵਿਚ ਪੁਲੀਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਉਸ ਦੇ ਭਾਈਵਾਲ ਅਬਦੁਲ ਗਫ਼ੂਰੀ ਨੂੰ ਕਰੀਬ ਸੱਤ ਮਹੀਨਿਆਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। 32 ਸਾਲਾ ਗਫ਼ੂਰੀ ਨੂੰ ਸ਼ੁੱਕਰਵਾਰ, 7 ਅਗਸਤ ਨੂੰ ਟੋਰਾਂਟੋ ਦੇ ਇੱਕ ਹਵਾਈ ਅੱਡੇ ਤੋਂ ਕਾਬੂ ਕੀਤਾ ਗਿਆ। ਪੁਲਿਸ ਨੇ ਉਸ ਦੇ ਖ਼ਿਲਾਫ਼ ਫ਼ਰਸਟ-ਡਿਗਰੀ ਮਰਡਰ (ਪਹਿਲੇ ਦਰਜੇ ਦੇ ਕਤਲ) ਦਾ ਗੰਭੀਰ ਦੋਸ਼ ਆਇਦ ਕੀਤਾ ਹੈ।
ਟੋਰਾਂਟੋ ਪੁਲਿਸ ਅਨੁਸਾਰ ਭਗੌੜੇ ਦੋਸ਼ੀ ਦੀ ਪਛਾਣ ਕਰਨ, ਉਸ ਨੂੰ ਫੜਨ ਅਤੇ ਕੈਨੇਡਾ ਵਾਪਸ ਲਿਆਉਣ ਲਈ ਪੁਲਿਸ ਦੀ ‘ਫਿਊਜਿਟਿਵ ਸਕੁਐਡ’ ਅਤੇ ‘ਹੋਮੀਸਾਈਡ ਐਂਡ ਮਿਸਿੰਗ ਪਰਸਨਜ਼ ਯੂਨਿਟ’ ਨੇ ਕੌਮੀ ਅਤੇ ਕੌਮਾਂਤਰੀ ਪੁਲਿਸ ਏਜੰਸੀਆਂ ਨਾਲ ਮਿਲ ਕੇ ਸਾਂਝਾ ਅਪਰੇਸ਼ਨ ਚਲਾਇਆ ਸੀ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਗਫ਼ੂਰੀ ਕਿਸ ਦੇਸ਼ ਵਿਚ ਲੁਕਿਆ ਹੋਇਆ ਸੀ।
ਜ਼ਿਕਰਯੋਗ ਹੈ ਕਿ 19 ਦਸੰਬਰ 2025 ਦੀ ਰਾਤ ਨੂੰ ਟੋਰਾਂਟੋ ਦੇ ਸਟ੍ਰਾਚਨ ਐਵੇਨਿਊ ਅਤੇ ਵੈਲਿੰਗਟਨ ਸਟ੍ਰੀਟ ਵੈਸਟ ਇਲਾਕੇ ਵਿਚੋਂ ਹਿਮਾਂਸ਼ੀ ਖੁਰਾਨਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ ਸੀ। ਰਾਤ ਕਰੀਬ 10:41 ਵਜੇ ਮਿਲੀ ਇਸ ਇਤਲਾਹ ਤੋਂ ਬਾਅਦ ਪੁਲਿਸ ਨੇ ਭਾਲ ਸ਼ੁਰੂ ਕੀਤੀ ਅਤੇ ਅਗਲੇ ਦਿਨ ਸਵੇਰੇ ਕਰੀਬ 6:30 ਵਜੇ ਉਸੇ ਇਲਾਕੇ ਦੇ ਇੱਕ ਘਰ ਵਿਚੋਂ ਹਿਮਾਂਸ਼ੀ ਦੀ ਲਾਸ਼ ਬਰਾਮਦ ਹੋਈ। ਸ਼ੁਰੂਆਤੀ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਤਲ ਦਾ ਮਾਮਲਾ ਕਰਾਰ ਦਿੱਤਾ ਸੀ, ਜੋ ਸਾਲ 2025 ਵਿਚ ਟੋਰਾਂਟੋ ਦਾ 40ਵਾਂ ਕਤਲ ਕੇਸ ਸੀ।
ਜਾਂਚ ਅੱਗੇ ਵਧਣ ‘ਤੇ ਪੁਲਿਸ ਨੂੰ ਪਤਾ ਲੱਗਾ ਸੀ ਕਿ ਹਿਮਾਂਸ਼ੀ ਖੁਰਾਨਾ ਅਤੇ ਅਬਦੁਲ ਗਫ਼ੂਰੀ ਇੱਕ-ਦੂਜੇ ਦੇ ਨੇੜਲੇ ਸਬੰਧਾਂ ਵਿਚ ਸਨ। ਪੁਲਿਸ ਨੇ ਇਸ ਘਟਨਾ ਨੂੰ ‘ਇੰਟੀਮੇਟ ਪਾਰਟਨਰ ਵਾਇਲੈਂਸ’ (ਨਿੱਜੀ ਸਬੰਧਾਂ ਵਿਚ ਹਿੰਸਾ) ਦਾ ਮਾਮਲਾ ਦੱਸਿਆ ਸੀ, ਜਿਸ ਤੋਂ ਬਾਅਦ ਗਫ਼ੂਰੀ ਖ਼ਿਲਾਫ਼ ਦੇਸ਼ ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਕੇ ਉਸ ਦੀ ਤਸਵੀਰ ਵੀ ਜਨਤਕ ਕੀਤੀ ਗਈ ਸੀ। ਹਿਮਾਂਸ਼ੀ ਦੇ ਕਤਲ ਤੋਂ ਬਾਅਦ ਟੋਰਾਂਟੋ ਸਥਿਤ ਭਾਰਤੀ ਮਹਾਵਣਜ ਦੂਤਾਵਾਸ (ਸਲੇਟ ਜਨਰਲ ਆਫ ਇੰਡੀਆ) ਨੇ ਘਟਨਾ ‘ਤੇ ਡੂੰਘੇ ਦੁੱਖ ਅਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਹਿਮਾਂਸ਼ੀ ਇੱਕ ਨੌਜਵਾਨ ਭਾਰਤੀ ਨਾਗਰਿਕ ਸੀ ਅਤੇ ਉਸ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਭਾਰਤੀ ਮੁਟਿਆਰ ਕਤਲ ਮਾਮਲਾ; 7 ਮਹੀਨਿਆਂ ਤੋਂ ਭਗੌੜਾ ਦੋਸ਼ੀ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ

