#AMERICA

ਭਾਰਤੀ-ਅਮਰੀਕੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ Arrest

-ਬੇਕਰਸਫੀਲਡ ਸਿਟੀ ਕੌਂਸਲ ਮੀਟਿੰਗ ਦੌਰਾਨ ਕੀਤੀਆਂ ਟਿੱਪਣੀਆਂ ਕਾਰਨ ਪੈਦਾ ਹੋਇਆ ਵਿਵਾਦ
ਸੈਕਰਾਮੈਂਟੋ, 17 ਅਪ੍ਰੈਲ (ਹੁਸਨ ਲੜੋਆ ਬੰਗਾ/ਰਾਜ ਗੋਗਨਾ/ਪੰਜਾਬ ਮੇਲ)- ਬੇਕਰਸਫੀਲਡ (ਕੈਲੀਫੋਰਨੀਆ) ਸਿਟੀ ਕੌਂਸਲ ਦੀ ਮੀਟਿੰਗ ਦੌਰਾਨ ਇਤਰਾਜ਼ਯੋਗ ਟਿੱਪਣੀਆਂ ਕਰਨ ਕਾਰਨ ਭਾਰਤੀ ਅਮਰੀਕੀ ਰਿਧੀ ਪਟੇਲ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਹੈ। ਉਸ ਨੂੰ ਕੌਂਸਲ ਮੀਟਿੰਗ ਦੌਰਾਨ ਕੌਂਸਲ ਮੈਂਬਰਾਂ ਤੇ ਮੇਅਰ ਕਰੇਨ ਗੋਹ ਨੂੰ ਮਾਰ ਦੇਣ ਦੀਆਂ  ਧਮਕੀਆਂ ਦੇਣ ਸਮੇਤ 18 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ। ਕੌਂਸਲ ਮੀਟਿੰਗ ਵਿਚ ਜਨਤਕ ਮੁੱਦਿਆਂ ਸਬੰਧੀ ਚਰਚਾ ਦੌਰਾਨ ਬੋਲਦਿਆਂ ਪਟੇਲ (28) ਨੇ ਇਸਰਾਈਲ ‘ਤੇ ਸ਼ਬਦੀ ਹਮਲਾ ਕੀਤਾ। ਮਹਾਤਮਾ ਗਾਂਧੀ ਤੇ ਹਿੰਦੂ ਉਤਸਵ ਚੇਤਰ ਨਵਰਾਤਿਆਂ ਦੀ ਗੱਲ ਕੀਤੀ। ਉਪਰੰਤ ਉਸ ਦੇ ਭਾਸ਼ਣ ਕਾਰਨ ਉਸ ਵੇਲੇ ਵਿਵਾਦ ਪੈਦਾ ਹੋ ਗਿਆ, ਜਦੋਂ ਉਸ ਨੇ ਮੇਅਰ ਗੋਹ ਸਮੇਤ ਕੌਂਸਲ ਮੈਂਬਰਾਂ ਨੂੰ ਹਿੰਸਕ ਧਮਕੀਆਂ ਦਿੱਤੀਆਂ। ਪਟੇਲ ਦੀਆਂ ਟਿੱਪਣੀਆਂ ਵੀਡੀਓ ਵਿਚ ਰਿਕਾਰਡ ਹੋ ਗਈਆਂ ਤੇ ਵੱਡੀ ਪੱਧਰ ਉਪਰ ਆਨਲਾਈਨ ਫੈਲ ਗਈਆਂ, ਜਿਸ ਦੀ ਕਈ ਪਾਸਿਆਂ ਤੋਂ ਆਲੋਚਨਾ ਹੋਈ। ਪਟੇਲ ਦੀ ਅਦਾਲਤ ‘ਚ ਅਗਲੀ ਪੇਸ਼ੀ 24 ਅਪ੍ਰੈਲ ਨੂੰ ਹੋਵੇਗੀ। ਇਕ ਜਨਤਕ ਬਚਾਅ ਪੱਖ ਦੇ ਵਕੀਲ ਨੇ ਪਟੇਲ ਦੀ ਤਰਫੋਂ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿਚ ਕਿਹਾ ਹੈ ਕਿ ਉਹ ਨਿਰਦੋਸ਼ ਹੈ।